ਭਾਜਪਾ ਆਗੂ ਨੀਤੂ ਸਿੰਘ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਦੋਰਾਹਾ, 29 ਨਵੰਬਰ
ਇਥੋਂ ਦੀ ਜਰਨੈਲੀ ਸੜਕ ਨੇੜੇ ਬਣੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਤੇ ਸਟਾਫ਼ ਭੇਜਣ ਦੀ ਮੰਗ ਤਹਿਤ ਦਿਨ-ਰਾਤ ਧਰਨੇ ’ਤੇ ਬੈਠੀ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸਪੋਕਸਪਰਸਨ ਨੀਤੂ ਸਿੰਘ ਨੂੰ ਅੱਜ ਪੁਲੀਸ ਨੇ ਠੱਗੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੰਡਤ ਰਿਸ਼ੀ ਦੇਵ ਸ਼ਾਸਤਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਰਾਹਾ ਪੁਲੀਸ ਨੇ ਨੀਤੂ ਸਿੰਘ ਤੇ ਉਸ ਦੇ 6-7 ਸਾਥੀਆਂ ਨੂੰ ਧਰਨੇ ਤੋਂ ਚੁੱਕ ਲਿਆ ਹੈ।
ਦੱਸਣਯੋਗ ਹੈ ਕਿ ਦੋਰਾਹਾ ਵਿੱਚ ਕਾਂਗਰਸ ਦੇ ਰਾਜ ਵੇਲੇ 8 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਹਸਪਤਾਲ ਵਿਚ ਡਾਕਟਰਾਂ ਤੇ ਸਟਾਫ਼ ਭੇਜਣ ਦੀ ਮੰਗ ਤਹਿਤ ਭਾਜਪਾ ਆਗੂ ਨੀਤੂ ਸਿੰਘ ਨੇ ਸੰਘਰਸ਼ ਆਰੰਭਿਆ ਸੀ ਤੇ 24 ਸਤੰਬਰ ਨੂੰ ਪ੍ਰਸ਼ਾਸਨ ਨੇ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਸੀ ਕਿ 25 ਸਤੰਬਰ ਨੂੰ ਡਾਕਟਰ ਭੇਜੇ ਜਾਣਗੇ ਪਰ ਅਜਿਹਾ ਨਹੀਂ ਹੋਇਆ। ਇਸ ਮਗਰੋਂ 26 ਨਵੰਬਰ ਤੋਂ ਨੀਤੂ ਸਿੰਘ ਨੇ ਸਾਥੀਆਂ ਨਾਲ ਦਿਨ-ਰਾਤ ਦਾ ਧਰਨਾ ਆਰੰਭਿਆ ਤੇ ਐਲਾਨ ਕੀਤਾ ਸੀ ਕਿ ਜੇਕਰ 30 ਨਵੰਬਰ ਤੱਕ ਡਾਕਟਰ ਅਤੇ ਸਟਾਫ਼ ਨਾ ਭੇਜੇ ਗਏ ਤਾਂ ਉਹ ਪਹਿਲੀ ਦਸੰਬਰ ਤੋਂ ਮਰਨ ਵਰਤ ’ਤੇ ਬੈਠ ਜਾਵੇਗੀ। ਆਗੂਆਂ ਦੀ ਗ੍ਰਿਫ਼ਤਾਰੀ ਮਗਰੋਂ ਪੁਲੀਸ ਨੇ ਧਰਨੇ ਵਾਲੀ ਥਾਂ ’ਤੇ ਟੈਂਟ ਵੀ ਉਖਾੜ ਦਿੱਤੇ ਹਨ। ਇਸ ਦੀ ਸੂਚਨਾ ਮਿਲਣ ’ਤੇ ਭਾਜਪਾ ਆਗੂ ਤੇ ਵਰਕਰ ਥਾਣਾ ਦੋਰਾਹਾ ਦੇ ਬਾਹਰ ਇੱਕਠੇ ਹੋਏ।
ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਐੱਸਐੱਚਓ ਦੋਰਾਹਾ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਨੀਤੂ ਸਿੰਘ ਖ਼ਿਲਾਫ਼ ਪੰਡਤ ਰਿਸ਼ੀ ਦੇਵ ਸ਼ਾਸਤਰੀ ਨੇ ਠੱਗੀ ਮਾਰਨ ਦੀ ਸ਼ਿਾਕਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੰਦਨਪ੍ਰੀਤ ਸਿੰਘ ਸਮੇਤ ਹੋਰ ਵਿਅਕਤੀਆਂ ਨੂੰ ਛੱਡ ਦਿੱਤਾ ਗਿਆ ਹੈ।