ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਬੁਰਜ ਢਿੱਲਵਾਂ ਪਿੰਡ ਇਕਾਈ ਦੀ ਚੋਣ
ਪੱਤਰ ਪ੍ਰੇਰਕ
ਮਾਨਸਾ, 1 ਜੂਨ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮਾਨਸਾ ਨੇੜਲੇ ਬੁਰਜ ਢਿੱਲਵਾਂ ਪਿੰਡ ਇਕਾਈ ਦੀ ਚੋਣ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਦੀ ਪ੍ਰਧਾਨਗੀ ਹੇਠ ਹੋਈ।
ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਚੋਣ ਦੌਰਾਨ ਪ੍ਰਧਾਨ ਬੂਟਾ ਸਿੰਘ, ਜਨਰਲ ਸਕੱਤਰ ਅਜੈਬ ਸਿੰਘ, ਖਜ਼ਾਨਚੀ ਆਤਮਾ ਸਿੰਘ, ਖਜ਼ਾਨਚੀ ਜੰਟਾ ਸਿੰਘ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ, ਮੀਤ ਪ੍ਰਧਾਨ ਹਰਬੰਸ ਸਿੰਘ, ਜਰਨੈਲ ਸਿੰਘ ਮੀਤ ਪ੍ਰਧਾਨ, ਮੀਤ ਪ੍ਰਧਾਨ ਜਗਤਾਰ ਸਿੰਘ, ਸੰਗਠਨ ਸਕੱਤਰ ਗੁਰਭਗਤ ਸਿੰਘ, ਸਲਾਹਕਾਰ ਗੁਰਲਾਭ ਸਿੰਘ ਨੰਬਰਦਾਰ ਚੁਣੇ ਗਏ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਬੁਖਲਾਹਟ ਵਿੱਚ ਆ ਕੇ ਦੋਸ਼ ਲਾ ਰਿਹਾ ਹੈ ਕਿ ਕਿਸਾਨ ਆਗੂਆਂ ਨੇ ਯੂਨੀਅਨ ਦੇ ਓਹਲੇ ਵਿੱਚ ਵੱਡੇ ਕਾਰੋਬਾਰਾਂ ਵਿੱਚ ਹਿੱਸੇ ਪਾ ਰੱਖੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਜਥੇਬੰਦੀ ਦੇ ਕਿਸੇ ਵੀ ਆਗੂ ਦੀ ਜਾਇਦਾਦ ਜਾਂ ਕਿਸੇ ਹੋਰ ਕਾਰੋਬਾਰ ਦੀ ਜਾਂਚ ਕਰਵਾ ਸਕਦੀ ਹੈ ਅਤੇ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗੇ। ਕਿਸਾਨ ਆਗੂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰਨ,ਆਪਣੇ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਦੀ ਵੀ ਪ੍ਰੋਪਰਟੀ ਜਾਂ ਹੋਰ ਕਾਰੋਬਾਰਾਂ ਦੀ ਜਾਂਚ ਕਰਵਾਉਣ ਕਿ ਰਾਜ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਕੋਲ ਕਿੰਨੀ ਪ੍ਰੋਪਰਟੀ ਸੀ ਅਤੇ ਅੱਜ ਰਾਜ ਸੱਤਾ ਵਿੱਚ ਆਉਣ ਤੋਂ ਬਾਅਦ ਕਿੰਨੀ ਪ੍ਰੋਪਰਟੀ ਬਣ ਚੁੱਕੀ ਹੈ ਤਾਂ ਕਿ ਲੋਕਾਂ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ।