ਭਾਈ ਬਖ਼ਤੌਰ ਘਟਨਾ; ਕੋਟਫੱਤਾ ਥਾਣੇ ਦਾ ਐੱਸਐੱਚਓ ਲਾਈਨ ਹਾਜ਼ਰ
ਸ਼ਗਨ ਕਟਾਰੀਆ
ਬਠਿੰਡਾ, 3 ਜੂਨ
ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਥਾਣਾ ਕੋਟ ਫੱਤਾ ਦੇ ਐੱਸਐੱਚਓ ਮੁਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪਿੰਡ ਭਾਈ ਬਖ਼ਤੌਰ ਦੇ ਲਖਵੀਰ ਸਿੰਘ ਉਰਫ਼ ਲੱਖੀ ਸਿੱਧੂ ਨੇ ਐੱਸਐੱਚਓ ’ਤੇ ਕਥਿਤ ਧਮਕਾਉਣ ਦੇ ਦੋਸ਼ ਲਾਏ ਸਨ। ਲੱਖੀ ਉਹ ਨੌਜਵਾਨ ਹੈ ਜਿਸ ਨੇ ਪਿੰਡ ਦੇ ਇੱਕ ਸਾਬਕਾ ਫੌਜੀ ’ਤੇ ਕਥਿਤ ਨਸ਼ਾ ਤਸਕਰਾਂ ਵੱਲੋਂ ਕੀਤੇ ਕਾਤਲਾਨਾ ਹਮਲੇ ਮਗਰੋਂ ‘ਸਾਡਾ ਪਿੰਡ ਵਿਕਾਊ ਹੈ’ ਦੇ ਪਿੰਡ ’ਚ ਪੋਸਟਰ ਲਾਏ ਸਨ। ਲੱਖੀ ਨੇ ਆਪਣੀ ਚਾਰ ਸਾਲਾ ਬੱਚੀ ਨਾਲ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਐੱਸਐੱਚਓ ’ਤੇ ਪੋਸਟਰ ਲਾਏ ਜਾਣ ਕਾਰਨ ਕਥਿਤ ਧਮਕਾਉਣ ਦੇ ਗੰਭੀਰ ਦੋਸ਼ ਵੀ ਲਾਏ ਸਨ। ਇਸ ਮਾਮਲੇ ਦੇ ਤੂਲ ਫੜਨ ਮਗਰੋਂ ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਹਰਕਤ ’ਚ ਆਏ ਅਤੇ ਐੱਸਐੱਚਓ ਖ਼ਿਲਾਫ਼ ਕਾਰਵਾਈ ਕੀਤੀ ਗਈ। ਐੱਸਐੱਸਪੀ ਅਮਨੀਤ ਕੌਂਡਲ ਨੇ ਮੀਡੀਆ ਨੂੰ ਦੱਸਿਆ ਕਿ ਉਹ ਲੱਖੀ ਸਿੱਧੂ ਨੂੰ ਮਿਲੇ ਹਨ ਅਤੇ ਪੁਲੀਸ ਤਰਫ਼ੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 31 ਮਈ ਨੂੰ ਹੋਈ ਹਿੰਸਕ ਘਟਨਾ ਦੇ ਦੋ ਮੁੱਖ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਏ ਸਨ ਅਤੇ ਤਫ਼ਤੀਸ਼ ਦੌਰਾਨ ਉਨ੍ਹਾਂ ਕੋਲੋਂ ਮਾਰੂ ਹਥਿਆਰਾਂ ਤੋਂ ਇਲਾਵਾ ਇੱਕ ਕਥਿਤ ਗ਼ੈਰ ਕਾਨੂੰਨੀ ਹਥਿਆਰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ’ਚ ਅਸਲਾ ਐਕਟ ਦੀ ਧਾਰਾ ਦਾ ਵੀ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕੋਟਫੱਤਾ ਥਾਣੇ ਦੇ ਮੁਖੀ ਇੰਸਪੈਕਟਰ ਮੁਨੀਸ਼ ਕੁਮਾਰ ਖ਼ਿਲਾਫ਼ ਕਾਰਵਾਈ ਦੀ ਪੁਸ਼ਟੀ ਵੀ ਕੀਤੀ।
ਐੱਸਐੱਸਪੀ ਤੇ ਵਿਧਾਇਕ ਨੇ ਜ਼ਖ਼ਮੀ ਰਣਵੀਰ ਸਿੰਘ ਦਾ ਹਾਲ-ਚਾਲ ਪੁੱਛਿਆ
ਐੱਸਐੱਸਪੀ ਅਮਨੀਤ ਕੌਂਡਲ ਹਮਲੇ ਦਾ ਸ਼ਿਕਾਰ ਹੋਏ ਸਾਬਕਾ ਸੈਨਿਕ ਰਣਵੀਰ ਸਿੰਘ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ। ਉਨ੍ਹਾਂ ਨਾਲ ਐੱਸਪੀ (ਦਿਹਾਤੀ) ਹਿਨਾ ਗੁੁਪਤਾ ਵੀ ਸਨ। ਜ਼ਿਲ੍ਹੇ ਦੇ ਸੀਨੀਅਰ ਪੁਲੀਸ ਕਪਤਾਨ ਨੇ ਇਲਾਜ ਅਧੀਨ ਰਣਵੀਰ ਸਿੰਘ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਦੌਰਾਨ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਵੀ ਰਣਵੀਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਘਟਨਾ ਨੂੰ ਦੁਖਦਾਈ ਬਿਆਨਦਿਆਂ ਹਰ ਕਿਸਮ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਇਸ ਮਾਮਲੇ ’ਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਂਗਲ ਧਰਦਿਆਂ ਇਸ ਨੂੰ ਬੇਹੱਦ ਮੰਦਭਾਗੀ ਘਟਨਾ ਦੱਸਿਆ।