ਭਵਾਨੀਗੜ੍ਹ-ਨਾਭਾ ਮੁੱਖ ਸੜਕ ਦੀ ਹਾਲਤ ਤਰਸਯੋਗ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਅਗਸਤ
ਬਿਲਕੁਲ ਖ਼ਸਤਾ ਹਾਲਤ ਬਣੀ ਪਈ ਭਵਾਨੀਗੜ੍ਹ-ਨਾਭਾ ਮੁੱਖ ਸੜਕ ’ਤੇ ਮੀਂਹ ਦੌਰਾਨ ਪਾਣੀ ਤੇ ਗਾਰ ਕਾਰਨ ਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਿੱਕੜ ਵਿੱਚ ਰੋਜ਼ਾਨਾ ਦਰਜਨ ਤੋਂ ਵੱਧ ਵਾਹਨ ਫਸ ਜਾਂਦੇ ਹਨ। ਚਿੱਕੜ ਤੇ ਗਾਰ ਵਿੱਚ ਫਸੇ ਟਰੱਕ, ਜੀਪ ਜਾਂ ਹੋਰ ਵਾਹਨ ਨੂੰ ਟਰੈਕਟਰਾਂ ਨਾਲ ਟੋਚਨਾਂ ਨਾਲ ਕੱਢਣਾ ਪੈਂਦਾ ਹੈ। ਇਸ ਗਾਰ ਵਿੱਚ ਫਸ ਕੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਇਨ੍ਹਾਂ ਵਾਹਨਾਂ ਵਿੱਚ ਭਰਿਆ ਸਾਮਾਨ ਵੀ ਖ਼ਰਾਬ ਹੋ ਜਾਂਦਾ ਹੈ। ਬਾਲਦ ਕੈਂਚੀਆਂ ਵਿੱਚ ਸੜਕ ਦੇ ਕਿਨਾਰਿਆਂ ’ਤੇ ਬਣੀਆਂ ਦੁਕਾਨਦਾਰਾਂ ਦਾ ਕੰਮ ਲੱਗਭੱਗ ਠੱਪ ਹੋ ਗਿਆ ਹੈ। ਸੜਕ ਦੀ ਇਸ ਹਾਲਤ ਨੂੰ ਦੇਖਦਿਆਂ ਆਲੇ ਦੁਆਲੇ ਦੇ ਲੋਕ ਤਾਂ ਹੋਰ ਸੜਕਾਂ ਰਾਹੀਂ ਆਪਣੇ ਵਾਹਨ ਲੈ ਜਾਂਦੇ ਹਨ, ਪਰ ਦੂਰ ਦੇ ਲੋਕ ਇੱਥੇ ਫਸ ਜਾਂਦੇ ਹਨ। ਲੋਕਾਂ ਅਤੇ ਦੁਕਾਨਦਾਰਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਇੱਥੇ ਕਈ ਵਾਰ ਅਕਾਲੀ ਦਲ, ਭਾਜਪਾ ਅਤੇ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਹਨ ਪਰ ਫਿਰ ਵੀ ਇਹ ਮਸਲਾ ਹੱਲ ਨਹੀਂ ਕੀਤਾ ਗਿਆ।
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਹ ਸੜਕ ਟੌਲ ਪਲਾਜ਼ਾ ਮਾਝੀ ਦੇ ਅਧੀਨ ਹੋਣ ਕਾਰਨ ਕਾਫੀ ਤਕਨੀਕੀ ਦਿੱਕਤਾਂ ਹਨ ਪਰ ਜਲਦੀ ਹੀ ਇਹ ਸਮੱਸਿਆ ਹੱਲ ਕੀਤੀ ਜਾਵੇਗੀ।