ਭਲਸਵਾ ਹੱਤਿਆ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ
ਨਵੀਂ ਦਿੱਲੀ, 5 ਫਰਵਰੀ
ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਭਲਸਵਾ ਡੇਅਰੀ ਇਲਾਕੇ ਵਿੱਚ ਇਕ ਵਿਅਕਤੀ ਦੀ ਹੱਤਿਆ ਮਾਮਲੇ ਵਿੱਚ ਮੁੱਖ ਮੁਲਜ਼ਮ ਗੌਤਮ ਕੁਮਾਰ (23) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਭਲਸਵਾ ਡੇਅਰੀ ਵਾਸੀ ਮੁਲਜ਼ਮ ਪਿਛਲੇ ਸਾਲ ਅਕਤੂਬਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਸੀ। ਪੁਲੀਸ ਅਨੁਸਾਰ ਮੁਲਜ਼ਮ ਦੇ ਦੋ ਹੋਰ ਸਾਥੀ ਇਸਤੇਕਰ ਉਰਫ਼ ਰੌਕੀ ਅਤੇ ਅਜੈ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਚੌਥੇ ਮੁਲਜ਼ਮ ਰਿਜਵਾਨ ਦੀ ਭਾਲ ਜਾਰੀ ਹੈ। ਵਿਸ਼ੇਸ਼ ਪੁਲੀਸ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਮੁਲਜ਼ਮ ਭਲਸਵਾ ਝੀਲ ਨੇੜੇ ਆਵੇਗਾ। ਸੂਚਨਾ ਤੋਂ ਬਾਅਦ ਪੁਲੀਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਪੁੱਛ-ਪੜਤਾਲ ਵਿੱਚ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ (ਗੌਤਮ) ਦਾ, ਇਸਤੇਕਰ, ਅਜੈ ਤੇ ਰਿਜਵਾਨ ਦਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਜਰੂਦੀਨ ਨਾਮਕ ਵਿਅਕਤੀ ਨਾਲ ਝਗੜਾ ਸੀ। ਜ਼ਿਕਰਯੋਗ ਹੈ ਕਿ ਭਲਸਵਾ ਵਾਸੀ ਸਾਰੇ ਮੁਲਜ਼ਮਾਂ ਪਿਛਲੇ ਸਾਲ 25-26 ਅਕਤੂਬਰ ਦੀ ਰਾਤ ਅਰਜੂਦੀਨ ਕੋਲ ਆਏ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਜਰੂਦੀਨ ਦੇ ਘਰ ਫੋਨ ਕਰਕੇ ਪਰਿਵਾਰਕ ਮੈਂਬਰਾਂ ਨੂੰ 30 ਹਜ਼ਾਰ ਰੁਪਏ ਲੈ ਕੇ ਆਉਣ ਲਈ ਆਖਿਆ ਸੀ। ਮੁਲਜ਼ਮਾਂ ਨੇ ਦੱਸਿਆ ਕਿ ਉਹ ਇਸ ਦੌਰਾਨ ਅਰਜੂਦੀਨ ਨੂੰ ਕੁੱਟਦੇ ਰਹੇ ਅਤੇ ਬਾਅਦ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਛੱਡ ਕੇ ਚਲੇ ਗਏ। ਇਸ ਮਗਰੋਂ ਉਸ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਚੌਥੇ ਸਾਥੀ ਦੀ ਭਾਲ ਜਾਰੀ ਹੈ। -ਪੀਟੀਆਈ