ਭਲਕੇ ਵਿਆਹ ਬੰਧਨ ’ਚ ਬੱਝਣਗੇ ਕਿਆਰਾ ਤੇ ਸਿਧਾਰਥ
ਜੈਪੁਰ: ਅਦਾਕਾਰਾ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਹੁਣ ਸੋਮਵਾਰ ਦੀ ਥਾਂ ਮੰਗਲਵਾਰ ਨੂੰ ਸੱਤ ਫੇਰੇ ਲੈਣਗੇ। ਸੂਤਰਾਂ ਅਨੁਸਾਰ ਵਿਆਹ ਸਮਾਗਮ ਇੱਕ ਦਿਨ ਅੱਗੇ ਪਾ ਦਿੱਤਾ ਗਿਆ ਹੈ। ਹਾਲਾਂਕਿ ਹਾਲੇ ਇਸ ਪਿਛਲਾ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ। ਦੂਜੇ ਪਾਸੇ, ਜੈਸਲਮੇਰ ਨੇੜਲੇ ਸੂਰਿਆਗੜ੍ਹ ਮਹਿਲ ਵਿੱਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਮਹਿਮਾਨਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਆਉਣ ਵਾਲੇ ਮਹਿਮਾਨਾਂ ਵਿੱਚ ਨਿਰਦੇਸ਼ਕ ਕਰਨ ਜੌਹਰ ਸਮੇਤ ਅਦਾਕਾਰ ਸ਼ਾਹਿਦ ਕਪੂਰ ਤੇ ਉਸ ਦੀ ਪਤਨੀ ਮੀਰਾ ਰਾਜਪੂਤ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਅਦਾਕਾਰ ਸ਼ਾਹਿਦ ਕਪੂਰ ਨੇ ਕਿਆਰਾ ਤੇ ਸਿਧਾਰਥ ਦੇ ਵਿਆਹ ਮੌਕੇ ਕਰਨ ਜੌਹਰ ਨਾਲ ਗੀਤ ‘ਡੋਲਾ ਰੇ ਡੋਲਾ’ ‘ਤੇ ਨੱਚਣ ਦਾ ਵਾਅਦਾ ਕੀਤਾ ਸੀ। ਵਿਆਹ ਵਾਲੀ ਜੋੜੀ ਦੀ ਰਿਹਾਇਸ਼ ਮਹਿਲ ਵਿੱਚ ਬਣਾਈ ਗਈ ਥਾਰ ਹਵੇਲੀ ਵਿੱਚ ਕੀਤੀ ਗਈ ਹੈ। ਇਸ ਹਵੇਲੀ ਵਿੱਚ ਦੋ ਰਿਹਾਇਸ਼ਾਂ ਹਨ, ਜਿਨ੍ਹਾਂ ਵਿੱਚ ਤਿੰਨ-ਤਿੰਨ ਕਮਰੇ, ਨਿੱਜੀ ਸਵੀਮਿੰਗ ਪੂਲ ਤੇ ਖਾਣ ਵਾਲੇ ਕਮਰੇ ਹਨ। ਲਾੜਾ ਤੇ ਲਾੜੀ ਨੂੰ ਇਨ੍ਹਾਂ ਦੋਵੇਂ ਰਿਹਾਇਸ਼ਾਂ ਵਿੱਚ ਠਹਿਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਿਧਾਰਥ ਤੇ ਕਿਆਰਾ ਦੋਵੇਂ ਸ਼ਨਿਚਰਵਾਰ ਨੂੰ ਜੈਸਲਮੇਰ ਪਹੁੰਚੇ ਸਨ। ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਮਹਿਮਾਨਾਂ ਦਾ ਸਵਾਗਤ ਢੋਲ ਵਜਾ ਕੇ ਤੇ ਲੋਕ ਨਾਚ ਕਰਦੇ ਹੋਏ ਰਵਾਇਤੀ ਢੰਗ ਨਾਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿਧਾਰਥ ਮਲਹੋਤਰਾ ਤੇ ਕਰਨ ਜੌਹਰ ਵਿੱਚ ਬਹੁਤ ਨੇੜਤਾ ਹੈ। ਗੌਰਤਲਬ ਹੈ ਕਿ ਸਿਧਾਰਥ ਤੇ ਕਿਆਰਾ ਨੇ ਕਦੇ ਵੀ ਮੀਡੀਆ ਸਾਹਮਣੇ ਖੁੱਲ੍ਹੇ ਤੌਰ ‘ਤੇ ਆਪਣੇ ਰਿਸ਼ਤੇ ਬਾਰੇ ਕਦੇ ਕੁਝ ਨਹੀਂ ਕਿਹਾ, ਪਰ ਦੋਵਾਂ ਵੱਲੋਂ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਦੋਵੇਂ ਫਿਲਮ ‘ਸ਼ੇਰਸ਼ਾਹ’ ਦੀ ਸ਼ੂਟਿੰਗ ਦੌਰਾਨ ਇੱਕ ਦੂਜੇ ਦੇ ਕਰੀਬ ਆਏ ਸਨ ਤੇ ਦਰਸ਼ਕਾਂ ਨੇ ਵੀ ਦੋਵਾਂ ਦੀ ਜੋੜੀ ਨੂੰ ਬਹੁਤ ਪਿਆਰ ਦਿੱਤਾ ਸੀ। -ਆਈਏਐੱਨਐੱਸ