ਅਮਿਤ ਸ਼ਾਹ ਦੇ ਕਹਿਣ ’ਤੇ ਕਿਸਾਨਾਂ ਉੱਤੇ ਲਾਠੀਚਾਰਜ ਹੋਇਆ: ਰਾਜਾ ਵੜਿੰਗ
ਪੰਕਜ ਕੁਮਾਰ/ਲਖਵਿੰਦਰ ਸਿੰਘ
ਅਬੋਹਰ/ਮਲੋਟ, 23 ਮਈ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਬੋਹਰ ਵਿਚ ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਰੈਲੀ ਦੌਰਾਨ ਮਹੱਤਵਪੂਰਨ ਮੁੱਦੇ ਉਠਾਏ। ਇਸ ਰੈਲੀ ਵਿੱਚ ਸੈਂਕੜੇ ਵਰਕਰਾਂ ਨੇ ਹਿੱਸਾ ਲਿਆ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ’ਤੇ ਇਸ ਵੇਲੇ 4.25 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਅਗਲੇ ਦੋ ਸਾਲਾਂ ਵਿੱਚ ਵੱਧ ਕੇ 5.5 ਲੱਖ ਕਰੋੜ ਰੁਪਏ ਹੋ ਸਕਦੀ ਹੈ। ਉਨ੍ਹਾਂ ਨਸ਼ਿਆਂ ਦੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਹੀ ਕੀਤਾ ਜਾ ਸਕਦਾ ਹੈ।
ਸੰਵਿਧਾਨ ਦੀ ਰੱਖਿਆ ’ਤੇ ਬੋਲਦੇ ਹੋਏ, ਵੜਿੰਗ ਨੇ ਕਿਹਾ ਕਿ ਜੇਕਰ ਭਾਜਪਾ 400 ਤੋਂ ਵੱਧ ਸੀਟਾਂ ਪ੍ਰਾਪਤ ਕਰਦੀ ਹੈ ਤਾਂ ਸੰਵਿਧਾਨ ਖ਼ਤਰੇ ਵਿੱਚ ਪੈ ਸਕਦਾ ਹੈ। ਉਨ੍ਹਾਂ ਰਾਹੁਲ ਗਾਂਧੀ ਦੇ ਸੰਘਰਸ਼ ਦੀ ਪ੍ਰਸ਼ੰਸਾ ਕੀਤੀ। ਵੜਿੰਗ ਨੇ ਦੋਸ਼ ਲਾਇਆ ਕਿ ਦੇਸ਼ ਨੂੰ ਆਰਐੱਸਐੱਸ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਵਿਰੋਧੀਆਂ ਵਿਰੁੱਧ ਵਿਜੀਲੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਆਲੋਚਕਾਂ ਵਿਰੁੱਧ ਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੰਦੀਪ ਜਾਖੜ ਕਾਂਗਰਸ ਦੀ ਸੀਟ ’ਤੇ ਵਿਧਾਇਕ ਬਣੇ ਸਨ। ਜੇਕਰ ਉਨ੍ਹਾਂ ’ਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਸੁਨੀਲ ਜਾਖੜ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸੰਦੀਪ ਦੇ ਅਸਤੀਫ਼ੇ ਤੋਂ ਬਾਅਦ ਉਹ ਉਨ੍ਹਾਂ ਵਿਰੁੱਧ ਚੋਣ ਲੜਨਗੇ।
ਜੇ ਉਹ ਚੋਣ ਹਾਰ ਜਾਂਦੇ ਹਨ, ਤਾਂ ਉਹ ਪੰਜਾਬ ਕਾਂਗਰਸ ਦੀ ਅਗਵਾਈ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਕੇਂਦਰੀ ਮੰਤਰੀ ਗਡਕਰੀ ਨੂੰ ਮਿਲਣ ਅਤੇ ਸੀਡ ਫਾਰਮ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਲੜਾਈ ਲੜਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਤਾਂ ਹੀ ਰੋਕਿਆ ਜਾ ਸਕਦਾ ਹੈ ਜਦੋਂ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਇਸ ਮੌਕੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ, ਡਾ. ਮਹਿੰਦਰ ਰਿਣਵਾ, ਅਬੋਹਰ ਕਾਂਗਰਸ ਪ੍ਰਧਾਨ ਸੁਭਾਸ਼ ਬਾਗਲਾ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਸੀਨੀਅਰ ਕਾਂਗਰਸੀ ਆਗੂ ਸੁਧੀਰ ਨਾਗਪਾਲ, ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ , ਕਵਿਤਾ ਰਾਨੀ ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ, ਕਿੰਗਪਾਲ ਸਿੰਘ ਦਾਨੇਵਾਲੀਆ, ਹਲਕਾ ਇੰਚਾਰਜ ਬੀਬੀ ਰਜਿੰਦਰ ਕੌਰ, ਨਥੂਰਾਮ ਸਾਬਕਾ ਵਿਧਾਇਕ ਸਣੇ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ ਹਾਜਰ ਸਨ।
ਇਸੇ ਦੌਰਾਨ ਮਲੋਟ ’ਚ 'ਸੰਵਿਧਾਨ ਬਚਾਓ ਰੈਲੀ' ਦੌਰਾਨ ਰਾਜਾ ਵੜਿੰਗ, ਸ਼ੇਰ ਸਿੰਘ ਘੁਬਾਇਆ, ਹੰਸਰਾਜ ਜੋਸ਼ਨ, ਰੁਪਿੰਦਰ ਕੌਰ ਰੂਬੀ ਤੇ ਕਰਨ ਕੌਰ ਬਰਾੜ ਨੇ ਸ਼ਮੂਲੀਅਤ ਕੀਤੀ। ਸ੍ਰੀ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵੱਲੋਂ ਦਿੱਤੇ ਗਏ ਸੰਵਿਧਾਨ ਨੂੰ ਬਦਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨਾ ਹੁੰਦਾ ਤਾਂ ਅੱਜ ਲੋਕਤੰਤਰ ਵੀ ਨਹੀਂ ਹੋਣਾ ਸੀ। ਉਨ੍ਹਾਂ ਕਿਹਾ ਕਿ ਆਰਐੱਸਐੱਸ ਨੇ ਸੰਸਥਾਵਾਂ ’ਤੇ ਆਪਣੀ ਕਬਜ਼ੇ ਜਮਾ ਲਏ ਹਨ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਮੂੰਹ ਬੰਦ ਕਰਾਏ ਜਾ ਰਹੇ ਹਨ। ਉਨ੍ਹਾਂ ਮੌਜੂਦਾ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਹੀ ਕਿਸਾਨਾਂ ’ਤੇ ਲਾਠੀ ਚਾਰਜ ਕੀਤਾ ਸੀ। ਉਨ੍ਹਾਂ ਸੁਨੀਲ ਜਾਖੜ ਅਤੇ ਜਗਮੀਤ ਬਰਾੜ ’ਤੇ ਵੀ ਵਿਅੰਗ ਕੱਸੇ ਕਿ ਇਹ ਵੱਡੇ ਲੋਕ ਹਨ ਅਤੇ ਵੱਡੇ ਲੋਕਾਂ ਦੇ ਹੀ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਰਜਵਾੜਿਆਂ ਨਾਲ ਉਨ੍ਹਾਂ ਦੀ ਹਮੇਸ਼ਾ ਲੜਾਈ ਜਾਰੀ ਰਹੇਗੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਸਾਬਕਾ ਵਿਧਾਇਕ ਨੱਥੂ ਰਾਮ, ਬਲਕਾਰ ਸਿੰਘ ਔਲਖ, ਨੱਥੂ ਰਾਮ ਗਾਂਧੀ, ਹਰਚਰਨ ਸਿੰਘ ਸੋਥਾ, ਸਰਪੰਚ ਜੋਗਿੰਦਰ ਸਿੰਘ ਰੱਥੜੀਆਂ ਅਤੇ ਪ੍ਰੋਫੈਸਰ ਬਲਜੀਤ ਸਿੰਘ ਆਦਿ ਆਗੂ ਹਾਜ਼ਰ ਸਨ।