ਭਗਵੰਤ ਮਾਨ ਦੇ ਨਸ਼ਾ ਮੁਕਤ ਪੰਜਾਬ ਦੇ ਸੁਫ਼ਨੇ ਨੂੰ ਬੂਰ ਪੈਣ ਲੱਗਿਆ: ਬੜਿੰਗ
ਪੱਤਰ ਪ੍ਰੇਰਕ
ਅਮਲੋਹ, 3 ਜੂਨ
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਮੁਕਤ ਸੂਬੇ ਦੀ ਸਿਰਜਣਾ ਲਈ ਦੇਖੇ ਸੁਫ਼ਨੇ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਲੜੀ ਜਾ ਰਹੀ ਜੰਗ ਫ਼ੈਸਲਾਕੁੰਨ ਦੌਰ ਵਿੱਚ ਪਹੁੰਚ ਗਈ ਹੈ। ਇਸ ਲਈ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਗੁਰੂਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨ ਵਿੱਚ ਸਹਿਯੋਗ ਕੀਤਾ ਜਾਵੇ। ਪ੍ਰਗਟਾਵਾ ਵਿਧਾਇਕ ਨੇ ਨਸ਼ਾ ਮੁਕਤੀ ਯਾਤਰਾ ਤਹਿਤ ਅਲਾਦਾਦਪੁਰ, ਚੈਹਲਾਂ ਅਤੇ ਧਰਮਗੜ੍ਹ ਆਦਿ ਪਿੰਡਾਂ ਵਿੱਚ ਜਨਤਕ ਮੀਟਿੰਗਾਂ ਕੀਤੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਵਿਰੁੱਧ ਖੁੱਲ਼੍ਹ ਕੇ ਆਵਾਜ਼ ਉਠਾਉਣ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਆਦੀ ਜਾਂ ਨਸ਼ਾ ਛੱਡ ਚੁੱਕੇ ਲੋਕਾਂ ਨਾਲ ਹਮਦਰਦੀ ਦਾ ਰਵੱਈਆ ਅਪਣਾਇਆ ਜਾਵੇ। ਉਹਨਾਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਵਾਈ।
ਇਸ ਮੌਕੇ ਸ਼ਿੰਗਾਰਾ ਸਿੰਘ ਸਲਾਣਾ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਚੰਦ ਸਿੰਘ, ਇੰਸਪੈਕਟਰ ਮਲਕੀਤ ਸਿੰਘ, ਭੁਪਿੰਦਰ ਸਿੰਘ ਮਿੰਟੂ, ਇਕਬਾਲ ਰਾਏ ਅੰਨਿਆਂ, ਬਲਾਕ ਪ੍ਰਧਾਨ ਹਰਦੀਪ ਸਿੰਘ, ਬਲਾਕ ਪ੍ਰਧਾਨ ਜਗਦੀਪ ਸਿੰਘ ਜਿੰਮੀ, ਬਲਾਕ ਪ੍ਰਧਾਨ ਮਨਿੰਦਰ ਸਿੰਘ ਭੱਟੋਂ, ਬਲਾਕ ਪ੍ਰਧਾਨ ਭਾਗ ਸਿੰਘ ਖਨਿਆਣ, ਪਰਦੀਪ ਸਿੰਘ, ਸਰਪੰਚ ਜਸਮੇਲ ਸਿੰਘ ਮਾਨਗੜ੍ਹ ਆਦਿ ਹਾਜ਼ਰ ਸਨ।