ਭਗਵੰਤ ਮਾਨ ਕਾਗਜ਼ੀ ਮੁੱਖ ਮੰਤਰੀ: ਸੁਖਬੀਰ ਬਾਦਲ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 8 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਬਹਿਰਾਮ ਸ਼ਰਿਸਤਾ ਵਿੱਚ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਸਦਾ ਹੀ ਪੰਜਾਬ ਅਤੇ ਪੰਜਾਬੀਅਤ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਵਿੱਚ ਸਿਰਫ ਕਾਗਜ਼ੀ ਮੁੱਖ ਮੰਤਰੀ ਹੈ। ਅਸਲ ਵਿੱਚ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਪੰਜਾਬ ਵਿੱਚ ਸਰਬਪੱਖੀ ਵਿਕਾਸ ਕੀਤਾ ਹੈ ਅਤੇ ਹਰ ਵਰਗ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਜ਼ਿਮਨੀ ਚੋਣ ਵਿੱਚ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੂੰ ਜਿਤਾਉਣਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਦੌਰਾਨ ਸਾਬਕਾ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਇਸ ਜ਼ਿਮਨੀ ਚੋਣ ਵਿੱਚ ਡਾ. ਸੁੱਖੀ ਦੀ ਜਿੱਤ ਨਾਲ ਪੰਜਾਬ ਵਿੱਚ ਅਕਾਲੀ-ਬਸਪਾ ਦਾ ਸਿਆਸੀ ਆਧਾਰ ਹੋਰ ਵਧ ਜਾਵੇਗਾ। ਬਸਪਾ ਆਗੂ ਗੁਰਲਾਲ ਸ਼ੈਲਾ ਨੇ ਕਿਹਾ ਕਿ ਅਕਾਲੀ-ਬਸਪਾ ਗੱਠਜੋੜ ਖੁਸ਼ਹਾਲੀ ਦਾ ਪ੍ਰਤੀਕ ਅਤੇ ਭਾਈਚਾਰਕ ਸਾਂਝ ਦਾ ਧਾਰਨੀ ਹੈ ਜਦੋਂ ਕਿ ਕਾਂਗਰਸ ਅਤੇ ਭਾਜਪਾ ਨੇ ਲੋਕਾਂ ਨੂੰ ਧਰਮ ਤੇ ਜਾਤਾਂ ਵਿੱਚ ਵੰਡ ਕੇ ਲੁੱਟਿਆ ਅਤੇ ਕੁੱਟਿਆ ਹੈ। ‘ਆਪ’ ਸਰਕਾਰ ਨੇ ਪੰਜਾਬ ਦਾ ਵਿਕਾਸ ਕਰਨ ਦੀ ਥਾਂ ਸੂਬੇ ਨੂੰ ਹੋਰ ਪਿੱਛੇ ਧੱਕਿਆ ਹੈ, ਜਿਸ ਦਾ ਖ਼ਮਿਆਜ਼ਾ ਉਸ ਨੂੰ ਚੋਣਾਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣ ਵਿੱਚ ਅਕਾਲੀ-ਬਸਪਾ ਉਮੀਦਵਾਰ ਡਾ. ਸੁੱਖੀ ਜਿੱਤ ਕੇ ਇਤਿਹਾਸ ਸਿਰਜਣਗੇ।