ਬੱਸ ਹਾਦਸਾ: ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਨ ਤਿੰਨੇ ਬੀਬੀਆਂ
ਆਗੂਆਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਮੰਗਿਆ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 4 ਜਨਵਰੀ
ਪਿੰਡ ਕੋਠਾ ਗੁਰੂ ਤੋਂ ਟੋਹਾਣਾ (ਹਰਿਆਣਾ) ਵਿਖੇ ਕਿਸਾਨ ਮਹਾਪੰਚਾਇਤ ਵਿਚ ਸ਼ਾਮਲ ਹੋਣ ਜਾ ਰਹੀ ਬੀਕੇਯੂ (ਉਗਰਾਹਾਂ) ਦੀ ਬੱਸ ਦਾ ਬਰਨਾਲਾ ਨੇੜੇ ਹੋਏ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਣ ਵਾਲੀਆਂ ਤਿੰਨੋਂ ਔਰਤਾਂ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਈਆਂ ਸਨ। ਪਿੰਡ ਕੋਠਾ ਗੁਰੂ ਦੀਆਂ ਇਨ੍ਹਾਂ ਔਰਤਾਂ ਵਿਚ ਜਸਵੀਰ ਕੌਰ (70), ਸਰਬਜੀਤ ਕੌਰ (60) ਤੇ ਬਲਵੀਰ ਕੌਰ (65) ਸ਼ਾਮਲ ਹਨ। ਇਹ ਬੀਬੀਆਂ ਬੀਕੇਯੂ (ਉਗਰਾਹਾਂ) ਦੀਆਂ ਸਰਗਮ ਮੈਂਬਰ ਸਨ ਤੇ ਹਰ ਕਿਸਾਨੀ ਮੋਰਚੇ ’ਚ ਹੁੰਮ ਹੁੰਮਾ ਕੇ ਪਹੁੰਚਦੀਆਂ ਸਨ। ਇਨ੍ਹਾਂ ਔਰਤਾਂ ਨੇ ਦਿੱਲੀ ਵਿਖੇ ਚੱਲੇ ਕਿਸਾਨ ਮੋਰਚੇ ਵਿੱਚ ਵੀ ਪੂਰੀ ਸਰਗਰਮੀ ਨਾਲ ਭਾਗ ਲਿਆ ਸੀ। ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਿੰਡ ਕੋਠਾ ਗੁਰੂ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਕਿਸਾਨ ਆਗੂ ਸੁਰਜੀਤ ਸਿੰਘ ਸੀਤਾ ਨੇ ਦੱਸਿਆ ਕਿ ਇਹ ਮੰਦਭਾਗੀ ਬੱਸ ਅੱਜ ਸਵੇਰੇ ਪਿੰਡ ਕੋਠਾ ਗੁਰੂ ਤੋਂ ਟੋਹਾਣਾ ਲਈ ਰਵਾਨਾ ਹੋਈ ਸੀ। ਇਸ 'ਚ ਪਿੰਡ ਦੇ ਕੁਲ 54 ਕਿਸਾਨ (ਮਰਦ ਤੇ ਔਰਤਾਂ) ਸਵਾਰ ਸਨ। ਉਕਤ ਤਿੰਨੋਂ ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 32 ਮਰਦ-ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਤਿੰਨੋਂ ਔਰਤਾਂ ਸਧਾਰਨ ਕਿਸਾਨੀ ਪਰਿਵਾਰਾਂ ਨਾਲ ਸਬੰਧਤ ਸਨ। ਇਸ ਦੌਰਾਨ ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ, ਬਸੰਤ ਸਿੰਘ ਕੋਠਾ ਗੁਰੂ, ਜਸਪਾਲ ਸਿੰਘ ਪਾਲਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮ੍ਰਿਤਕ ਕਿਸਾਨ ਔਰਤਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜ਼ਾ, ਇੱਕ ਜੀਅ ਪ੍ਰਤੀ ਪਰਿਵਾਰ ਨੂੰ ਸਰਕਾਰੀ ਨੌਕਰੀ, ਪੀੜਤ ਪਰਿਵਾਰਾਂ ਦਾ ਸਰਕਾਰੀ ਤੇ ਗ਼ੈਰ ਸਰਕਾਰੀ ਕਰਜ਼ਾ ਖ਼ਤਮ ਕਰੇ। ਇਸ ਤੋਂ ਇਲਾਵਾ ਜ਼ਖ਼ਮੀ ਕਿਸਾਨਾਂ ਨੂੰ ਯੋਗ ਮੁਆਵਜ਼ਾ ਤੇ ਮੁਫ਼ਤ ਇਲਾਜ਼ ਕੀਤਾ ਜਾਵੇ।
ਕੈਪਸ਼ਨ: ਜਸਵੀਰ ਕੌਰ, ਸਰਬਜੀਤ ਕੌਰ ਤੇ ਬਲਵੀਰ ਕੌਰ।