ਤੇਜ਼ ਰਫ਼ਤਾਰ ਬੱਸ ਦੀ ਲਪੇਟ ’ਚ ਆਉਣ ਕਾਰਨ ਅਬੋਹਰ ਦੇ ਕਾਰੋਬਾਰੀ ਦੀ ਮੌਤ
ਪੰਕਜ ਕੁਮਾਰ
ਅਬੋਹਰ, 17 ਮਈ
ਇਥੇ ਇੱਕ ਮਸ਼ਹੂਰ ਕਾਰੋਬਾਰੀ ਨੂੰ ਅੱਜ ਦੁਪਹਿਰ ਤੇਜ਼ ਰਫ਼ਤਾਰ ਨਿੱਜੀ ਕੰਪਨੀ ਦੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਰੈਫਰ ਕਰ ਦਿੱਤਾ। ਪਰਿਵਾਰ ਵਾਲੇ ਬਿਹਤਰ ਇਲਾਜ ਲਈ ਉਸ ਨੂੰ ਸ੍ਰੀਗੰਗਾਨਗਰ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਬਕ ਪੈੜੀਵਾਲ ਐਂਡ ਸੰਨਜ਼ ਦੇ ਸੰਚਾਲਕ ਸੁਨੀਲ ਪੈੜੀਵਾਲ ਪੁੱਤਰ ਰਤਨ ਪੈੜੀਵਾਲ ਅੱਜ ਦੁਪਹਿਰ ਸੀਡ ਫਾਰਮ ਰੋਡ ’ਤੇ ਸਥਿਤ ਆਪਣੀ ਫੈਕਟਰੀ ਤੋਂ ਕਿਸੇ ਕੰਮ ਮਗਰੋਂ ਆਪਣੇ ਮੋਟਰ ਸਾਈਕਲ ’ਤੇ ਸ਼ਹਿਰ ਵਾਪਸ ਆ ਰਿਹਾ ਸੀ। ਇਸ ਦੌਰਾਨ ਮਲੋਟ ਤੋਂ ਅਬੋਹਰ ਵੱਲ ਆ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਪਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਘਟਨਾ ਵਿੱਚ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ। ਸੂਚਨਾ ਮਿਲਣ ’ਤੇ ਤੁਰੰਤ 108 ਐਂਬੂਲੈਂਸ ਰਾਹੀਂ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ। ਸ਼੍ਰੀਗੰਗਾਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਬੱਸ ਡਰਾਈਵਰ ਨੇ ਬੱਸ ਨੂੰ ਭਜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉੱਥੇ ਮੌਜੂਦ ਕੁਝ ਨੌਜਵਾਨਾਂ ਨੇ ਉਸਦਾ ਪਿੱਛਾ ਕਰਕੇ ਬੱਸ ਸਟੈਂਡ ਦੇ ਨੇੜੇ ਫੜ ਲਿਆ, ਜਿਸ ਨੂੰ ਨਗਰ ਥਾਣਾ-1 ਦੀ ਪੁਲੀਸ ਹਵਾਲੇ ਕਰ ਦਿੱਤਾ ਗਿਆ।