ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਚਿਆਂ ਵੱਲ ਧਿਆਨ ਦਿਓ

02:32 PM Feb 04, 2023 IST

ਸੰਤੋਖ ਸਿੰਘ ਭਾਣਾ

Advertisement

ਸੁੰਦਰ ਕੱਪੜੇ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਸਜੇ ਸਾਡੇ ਬੱਚੇ ਸਕੂਲ ਪੜ੍ਹਨ ਲਈ ਜਾਂਦੇ ਹਨ। ਮਾਪਿਆਂ ਨੂੰ ਉਨ੍ਹਾਂ ਸਬੰਧੀ ਸਿਰਫ਼ ਇਹੀ ਚਿੰਤਾ ਹੁੰਦੀ ਹੈ ਕਿ ਬੱਚਾ ਫੇਲ੍ਹ ਨਾ ਹੋ ਜਾਵੇ। ਬਸ…। ਪੜ੍ਹਾਈ ਦਾ ਮੁੱਖ ਮਨੋਰਥ ਉਨ੍ਹਾਂ ਦੀ ਨਜ਼ਰ ਵਿੱਚ ਬੱਚੇ ਦਾ ਪਾਸ ਹੋਣਾ ਹੀ ਹੈ। ਕੀ ਉਨ੍ਹਾਂ ਨੇ ਕਦੇ ਇਹ ਵੀ ਸੋਚਿਆ ਹੈ ਕਿ ਉਨ੍ਹਾਂ ਦੇ ਬੱਚੇ ਦਾ ਚਰਿੱਤਰ-ਨਿਰਮਾਣ ਕਿਸ ਤਰ੍ਹਾਂ ਦੀ ਸੰਗਤ ਵਿੱਚ ਹੋ ਰਿਹਾ ਹੈ। ਬੱਚੇ ਦਾ ਬਹੁਤਾ ਸਮਾਂ ਕਿਸ ਤਰ੍ਹਾਂ ਦੀ ਸ਼ੌਕ ਪੂਰਤੀ ਵਿੱਚ ਗੁਜ਼ਰਦਾ ਹੈ। ਕੀ ਉਹ ਬੁਰੀ ਸੰਗਤ ਵਿੱਚ ਫਸ ਕੇ ਆਪਣੇ ਭਵਿੱਖ ਨੂੰ ਧੁੰਦਲਾ ਤਾਂ ਨਹੀਂ ਕਰ ਰਿਹਾ? ਬੱਚਿਆਂ ਨੂੰ ਸਕੂਲ ਭੇਜ ਕੇ ਹੀ ਮਾਪਿਆਂ ਨੂੰ ਬੇਫ਼ਿਕਰ ਨਹੀਂ ਹੋ ਜਾਣਾ ਚਾਹੀਦਾ। ਇਨ੍ਹਾਂ ਬੱਚਿਆਂ ਨੇ ਹੀ ਕੱਲ੍ਹ ਨੂੰ ਸਾਡੇ ਮੁਲਕ ਦੇ ਹੋਣਹਾਰ ਆਗੂ ਬਣਨਾ ਹੈ। ਇਨ੍ਹਾਂ ਨੇ ਹੀ ਕੱਲ੍ਹ ਨੂੰ ਦੇਸ਼ ਦੇ ਸੂਰਬੀਰ ਸਿਪਾਹੀ, ਸਾਇੰਸਦਾਨ ਅਤੇ ਇੰਜੀਨੀਅਰ ਬਣ ਕੇ ਦੇਸ਼ ਦੀ ਨੁਹਾਰ ਬਦਲਣੀ ਹੈ, ਪਰ ਇਹ ਉਦੋਂ ਹੀ ਹੋ ਸਕਦਾ ਹੈ ਜੇਕਰ ਇਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦਾ ਬਾਕਾਇਦਾ ਖਿਆਲ ਰੱਖਿਆ ਜਾਵੇ। ਮੁੱਢਲੇ ਰੂਪ ਵਿੱਚ ਇਹ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਹੀ ਬਣਦੀ ਹੈ।

ਮਾਪਿਆਂ ਨੂੰ ਆਪਣਾ ਬਹੁਤਾ ਧਿਆਨ ਇਨ੍ਹਾਂ ਗੱਲਾਂ ਨੂੰ ਜਾਣਨ ਵੱਲ ਦੇਣਾ ਚਾਹੀਦਾ ਹੈ ਕਿ ਸਾਡੇ ਬੱਚਿਆਂ ਦੀਆਂ ਰੁਚੀਆਂ ਕਿਸ ਤਰ੍ਹਾਂ ਦੀਆਂ ਹਨ। ਸਕੂਲੀ ਪੜ੍ਹਾਈ ਤੋਂ ਇਲਾਵਾ ਉਹ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਪਸੰਦ ਕਰਦੇ ਹਨ। ਉਨ੍ਹਾਂ ਦਾ ਮੇਲ-ਮਿਲਾਪ ਅਤੇ ਖੇਡ-ਕੁੱਦ ਕਿਸ ਤਰ੍ਹਾਂ ਦੇ ਬੱਚਿਆਂ ਨਾਲ ਹੈ। ਘਰ ਵਿੱਚ ਇਕੱਲਤਾ ਦੇ ਸਮੇਂ ਉਹ ਕਿਸ ਤਰ੍ਹਾਂ ਦੇ ਟੀ.ਵੀ. ਪ੍ਰੋਗਰਾਮ ਅਤੇ ਵੀਡੀਓ ਵੇਖਦੇ ਹਨ। ਇਨ੍ਹਾਂ ਖਾਸ ਤੱਥਾਂ ਨੂੰ ਦ੍ਰਿਸ਼ਟੀ-ਗੋਚਰ ਕਰਕੇ ਹੀ ਸਮਝਦਾਰ ਮਾਪੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਆਚਰਣ ਨੂੰ ਵੀ ਯੋਗ ਢੰਗ ਨਾਲ ਵਿਕਸਤ ਕਰ ਸਕਦੇ ਹਨ। ਮਾਪਿਆਂ ਨੂੰ ਬੱਚਿਆਂ ਅੰਦਰ ਸੱਚਾਈ, ਇਮਾਨਦਾਰੀ, ਮਿਹਨਤ, ਲਗਨ ਅਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ਭਰਪੂਰ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਾ ਵੱਡਾ ਹੋ ਕੇ ਮਾਣ ਅਤੇ ਉੱਚੇ ਰੁਤਬੇ ਹਾਸਲ ਕਰ ਸਕੇ।

Advertisement

ਅੱਜਕੱਲ੍ਹ ਜ਼ਿਆਦਾਤਰ ਬੱਚੇ ਭੈੜੇ ਕੰਮਾਂ ਵਿੱਚ ਪੈ ਕੇ ਆਪਣਾ ਵਡਮੁੱਲਾ ਜੀਵਨ ਨਸ਼ਟ ਕਰ ਰਹੇ ਹਨ, ਪਰ ਸਦਕੇ ਜਾਈਏ ਉਨ੍ਹਾਂ ਮਾਪਿਆਂ ਦੇ ਜਿਨ੍ਹਾਂ ਨੂੰ

ਬੱਚਿਆਂ ਵੱਲ ਧਿਆਨ ਦੇਣ ਲਈ ਆਪਣੇ ਕੰਮਾਂ ਤੋਂ ਹੀ ਫੁਰਸਤ ਨਹੀਂ ਮਿਲਦੀ। ਬੱਚਿਆਂ ਦੀ ਮਾਨਸਿਕ ਤੰਦਰੁਸਤੀ ਲਈ ਇਹ ਅਤਿ ਜ਼ਰੂਰੀ ਹੈ ਕਿ ਘਰ ਦਾ ਮਾਹੌਲ ਸਾਫ਼-ਸੁਥਰਾ ਅਤੇ ਐਬਾਂ ਤੋਂ ਦੂਰ ਹੋਵੇ। ਬੱਚਿਆਂ ਸਾਹਮਣੇ ਕਦੇ ਵੀ ਬੁਰੀਆਂ ਗੱਲਾਂ ਜਾਂ ਮਾੜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਘਰ ਵਿੱਚ ਗਾਲ੍ਹਾਂ ਜਾਂ ਲੜਾਈ-ਝਗੜਾ ਬੱਚਿਆਂ ਦੇ ਮਨਾਂ ਉੱਪਰ ਭੈੜਾ ਅਸਰ ਪਾਉਂਦੇ ਹਨ। ਮਾਂ-ਬਾਪ ਨੂੰ ਇਨ੍ਹਾਂ ਹਰਕਤਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ।

ਵੱਡਿਆਂ ਘਰਾਂ ਦੇ ਬੱਚਿਆਂ ਵਿੱਚ ਭੈੜੀ ਆਦਤਾਂ ਵਧਣ ਦਾ ਵੱਡਾ ਕਾਰਨ ਉਨ੍ਹਾਂ ਦੇ ਨੌਕਰ ਵੀ ਹੁੰਦੇ ਹਨ ਕਿਉਂਕਿ ਜ਼ਿਆਦਾਤਰ ਬੱਚੇ ਨੌਕਰਾਂ ਦੇ ਹੱਥੀਂ ਹੀ ਪਲਦੇ ਹਨ। ਉਹ ਬੱਚਿਆਂ ਦੇ ਮਨਾਂ ਅੰਦਰ ਉਲਟ-ਉਲਟ ਤਰ੍ਹਾਂ ਦੀਆਂ ਗੱਲਾਂ ਭਰਦੇ ਰਹਿੰਦੇ ਹਨ, ਜਿਸ ਨਾਲ ਬੁਰਾਈਆਂ ਦਾ ਦੌਰ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਬੱਚਿਆਂ ਦੇ ਕੱਚੇ ਮਨਾਂ ਅੰਦਰ ਗ਼ਲਤ ਸਾਥੀਆਂ ਅਤੇ ਨੌਕਰਾਂ ਵੱਲੋਂ ਭਰੀਆਂ ਜਾਂਦੀਆਂ ਮਾੜੀਆਂ ਆਦਤਾਂ ਨੂੰ ਮਾਪਿਆਂ ਦੀ ਯੋਗ ਅਗਵਾਈ ਅਤੇ ਸਖ਼ਤ ਨਜ਼ਰ ਹੀ ਰੋਕ ਸਕਦੀ ਹੈ। ਆਪਣੇ ਬੱਚਿਆਂ ਦੀਆਂ ਆਦਤਾਂ, ਕੰਮਾਂ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਨਿਗ੍ਹਾ ਰੱਖਣ ਦੀ ਸਖ਼ਤ ਲੋੜ ਹੈ। ਜੇਕਰ ਆਪਣੇ ਬੱਚਿਆਂ ਵਿੱਚ ਕੋਈ ਖੋਟ ਨਜ਼ਰ ਆਵੇ ਤਾਂ ਪਿਆਰ ਅਤੇ ਸੁਚੱਜੇ ਢੰਗ ਨਾਲ ਸਮਝਾਉਣਾ ਚਾਹੀਦਾ ਹੈ। ਜੇਕਰ ਉਸ ਦੇ ਸਾਥੀਆਂ ਵਿੱਚ ਕੋਈ ਬੁਰਾਈ ਹੋਵੇ ਤਾਂ ਝੱਟ ਉਸ ਦੇ ਮਾਪਿਆਂ ਨੂੰ ਸੁਚੇਤ ਕਰਨਾ ਚਾਹੀਦਾ ਹੈ ਤਾਂ ਜੋ ਇਹ ਬੁਰਾਈ ਹੋਰ ਅੱਗੇ ਨਾ ਫੈਲ ਸਕੇ। ਸਮੇਂ-ਸਮੇਂ ‘ਤੇ ਬੱਚਿਆਂ ਦੇ ਅਧਿਆਪਕਾਂ ਨਾਲ ਵੀ ਸੰਪਰਕ ਕਰਨਾ ਚਾਹੀਦਾ ਹੈ।

ਕਈ ਘਰਾਂ ਵਿੱਚ ਨਿੱਕੇ-ਨਿੱਕੇ ਬੱਚਿਆਂ ਨੂੰ ਪਿਆਰ-ਪਿਆਰ ਵਿੱਚ ਗਾਲ੍ਹਾਂ ਕੱਢੀਆਂ ਜਾਦੀਆਂ ਹਨ। ਜਵਾਬ ਵਿੱਚ ਜਦੋਂ ਬੱਚਾ ਵੀ ਉਹੀ ਗਾਲ੍ਹਾਂ ਦੁਹਰਾਉਂਦਾ ਹੈ ਤਾਂ ਮਾਂ-ਪਿਓ ਬੜੇ ਖੁਸ਼ ਹੁੰਦੇ ਹਨ। ਜ਼ਰਾ ਸੋਚੋ…। ਕੀ ਇਹ ਚੰਗੀ ਗੱਲ ਹੈ? ਇਹੀ ਬੱਚਾ ਵੱਡਾ ਹੋ ਕੇ ਗਾਲ੍ਹਾਂ ਕੱਢਣ ਦਾ ਆਦੀ ਹੋ ਜਾਵੇਗਾ ਅਤੇ ਇਸ ਦੇ ਬੁਰੇ ਨਤੀਜੇ ਮਾਪਿਆਂ ਨੂੰ ਹੀ ਭੁਗਤਣੇ ਪੈਣਗੇ। ਮਾਪਿਆਂ ਨੂੰ ਚਾਹੀਦਾ ਹੈ ਕਿ ਘਰ ਵਿੱਚ ਆਮ ਬੋਲ-ਚਾਲ ਦਾ ਬਹੁਤ ਹੀ ਸੁਚੱਜਾ ਤਰੀਕਾ ਅਪਣਾਉਣ। ਚੰਗੀਆਂ ਗੱਲਾਂ ਨਾਲ ਆਪਸ ਵਿੱਚ ਅਤੇ ਬੱਚਿਆਂ ਨੂੰ ਸੰਬੋਧਨ ਕਰਨ। ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨਾਲ ਬੜੇ ਸੁਚੱਜੇ ਤਰੀਕੇ ਪੇਸ਼ ਆਉਣ। ਫਿਰ ਕੋਈ ਕਾਰਨ ਨਹੀਂ ਕਿ ਬੱਚਿਆਂ ਦੀ ਜ਼ੁਬਾਨ ਵਿੱਚੋਂ ਹਮਦਰਦੀ ਅਤੇ ਮਿੱਠੇ ਬੋਲ ਨਾ ਨਿਕਲਣ। ਇੰਜ ਬੱਚਿਆਂ ਦੀ ਮਾਨਸਿਕ ਤੰਦਰੁਸਤੀ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਦਾ ਵੀ ਖਿਆਲ ਰੱਖਿਆ ਜਾਵੇ ਤਾਂ ਹੀ ਇਨ੍ਹਾਂ ਦਾ ਭੱਵਿਖ ਉੱਜਲਾ ਅਤੇ ਗੌਰਵਮਈ ਬਣ ਸਕਦਾ ਹੈ।

ਸੰਪਰਕ: 98152-96475

Advertisement