ਬੰਦੀ ਸਿੰਘਾਂ ਦੇ ਮੁੱਦੇ ’ਤੇ ਕਨਵੈਨਸ਼ਨ ਅੱਜ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 6 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਭਲਕੇ 7 ਫਰਵਰੀ ਨੂੰ ਬਠਿੰਡਾ ਸਥਿਤ ਅਨਾਜ ਮੰਡੀ ਵਿੱਚ ‘ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ’ ਵਿਸ਼ੇ ‘ਤੇ ਕਨਵੈਨਸ਼ਨ ਕਰੇਗੀ। ਇਸ ਸਬੰਧ ‘ਚ ਪਿੰਡ ਝੁੰਬਾ ਵਿਚ ਜਥੇਬੰਦੀ ਦੀ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਬਲਾਕ ਤੇ ਇਕਾਈ ਆਗੂਆਂ ਦੀ ਹੋਈ ਮੀਟਿੰਗ ‘ਚ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਮੀਟਿੰਗ ‘ਚ ਕਨਵੈਨਸ਼ਨ ਵਿੱਚ ਸ਼ਾਮਿਲ ਹੋਣ ਵਾਲੇ ਬੁੱਧੀਜੀਵੀਆਂ ਅਤੇ ਜਥੇਬੰਦੀ ਦੇ ਕਾਰਕੁਨਾਂ ਦੇ ਲੰਗਰ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਲਈ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਮੀਟਿੰਗ ‘ਚ 10 ਫਰਵਰੀ ਨੂੰ ਪਿੰਡ ਕੋਠਾ ਗੁਰੂ (ਬਠਿੰਡਾ) ਵਿੱਚ ਮਾਸਟਰ ਬੂਟਾ ਸਿੰਘ ਦੀ ਮਨਾਈ ਜਾ ਰਹੀ ਬਰਸੀ ‘ਤੇ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ। ਇਸੇ ਤਰ੍ਹਾਂ 15 ਨੂੰ ਪਿੰਡ ਜੇਠੂਕੇ ਵਿੱਚ ਮਨਾਈ ਜਾ ਰਹੀ ਸ਼ਹੀਦਾਂ ਦੀ ਬਰਸੀ ਬਾਰੇ ਵੀ ਚਰਚਾ ਹੋਈ।
13 ਨੂੰ ਜ਼ਿਲ੍ਹਾ ਮੁਕਾਮਾਂ ‘ਤੇ ਧਰਨਿਆਂ ਦਾ ਪ੍ਰੋਗਰਾਮ
ਇਸ ਦੌਰਾਨ ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਨੱਥਾ ਸਿੰਘ ਰੋੜੀਕਪੂਰਾ ਨੇ ਦੱਸਿਆ ਕਿ ਕਨਵੈਨਸ਼ਨ ਰਾਹੀਂ ਹਕੂਮਤਾਂ ਦੇ ਧੱਕੜ ਤੇ ਜਾਬਰ ਰੁਖ਼ ਨੂੰ ਬੇਨਕਾਬ ਕਰ ਕੇ ਅਤੇ ਇਸ ਸਬੰਧੀ ਮੰਗਾਂ ਉਭਾਰੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਡਾ. ਨਵਸ਼ਰਨ ਕੌਰ ਅਤੇ ਐਡਵੋਕੇਟ ਐੱਨ.ਕੇ ਜੀਤ ਤੋਂ ਇਲਾਵਾ ਹੋਰ ਆਗੂ ਕਨਵੈਨਸ਼ਨ ਨੂੰ ਸੰਬੋਧਨ ਕਰਨਗੇ। ਉਨ੍ਹਾਂ ਖੁਲਾਸਾ ਕੀਤਾ ਕਿ ਜਥੇਬੰਦੀ ਦੀ ਸੂਬਾਈ ਲੀਡਰਸ਼ਿਪ ਦੇ ਸੱਦੇ ਤਹਿਤ ਸਜ਼ਾਵਾਂ ਭੁਗਤ ਚੁੱਕੇ ਕੈਦੀਆਂ ਦੀ ਰਿਹਾਈ ਲਈ 13 ਫਰਵਰੀ ਨੂੰ ਜ਼ਿਲ੍ਹਾ ਹੈੱਡਕੁਆਟਰਾਂ ‘ਤੇ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ।