ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਪੱਤਰ ਸੌਂਪਿਆ
ਪੱਤਰ ਪ੍ਰੇਰਕ
ਮਾਛੀਵਾੜਾ, 30 ਮਈ
ਬੰਦੀ ਸਿੰਘਾਂ ਦੀ ਰਿਹਾਈ ਲਈ ਤਾਲਮੇਲ ਕਮੇਟੀ ਇਨਸਾਫ਼ ਮੋਰਚਾ ਦੇ ਸੱਦੇ ’ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ। ਜਥੇਦਾਰ ਮਨਮੋਹਣ ਸਿੰਘ ਖੇੜਾ ਦੀ ਅਗਵਾਈ ਹੇਠ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੰਦਿਆਂ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ’ਤੇ ਚੱਲ ਰਹੇ ਕੇਸਾਂ ਦੀ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਪੁਨਰ ਵਿਚਾਰ ਕੀਤਾ ਜਾਵੇ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਅਤੇ ਸਾਰੇ ਧਰਮਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਸਬੰਧੀ ਕਾਨੂੰਨ ਪਾਸ ਕੀਤਾ ਜਾਵੇ। ਜਥੇਦਾਰ ਖੇੜਾ ਨੇ ਕਿਹਾ ਕਿ ਬਹਿਬਲ ਤੇ ਕੋਟਕਪੂਰਾ ਗੋਲੀਕਾਂਡ ਵਿਚ ਸਰਕਾਰ ਵਲੋਂ ਬਣਾਈਆਂ ਸਿੱਟਾਂ ਦੇ ਚਲਾਨ ਤੁਰੰਤ ਪੇਸ਼ ਕੀਤੇ ਜਾਣ ਅਤੇ ਕਾਨੂੰਨੀ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਜਾਵੇ।
ਉਨ੍ਹਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਪੰਜਾਬ ਨੇ ਦੇਸ਼ ਦੀ ਅਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਪਰ ਅੱਜ ਸੂਬੇ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਿਸ ਲਈ ਤੁਰੰਤ ਦਖ਼ਲ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਚਿਤਾਵਨੀ ਪੱਤਰ ਭੇਜ ਰਹੇ ਹਾਂ ਕਿ ਪੰਜਾਬ ਨੇ ਹਮੇਸ਼ਾ ਜ਼ਬਰ, ਜ਼ੁਲਮ ਤੇ ਬੇਇਨਸਾਫ਼ੀ ਲਈ ਲੜਾਈ ਜਾਰੀ ਰੱਖੀ ਹੈ ਅਤੇ ਅੱਜ ਵੀ ਕਿਸਾਨ, ਮਜ਼ਦੂਰ ਤੇ ਵਪਾਰੀ ਇੱਕ ਵੱਡਾ ਜਨ ਅੰਦੋਲਨ ਕਰਨ ਲਈ ਮਜ਼ਬੂਰ ਹੋ ਰਹੇ ਹਨ ਜਿਸ ਲਈ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ।
ਇਸ ਮੌਕੇ ਬਲਵਿੰਦਰ ਸਿੰਘ ਝਾੜ ਸਾਹਿਬ, ਮਨਰਾਜ ਸਿੰਘ ਲੁਬਾਣਗੜ੍ਹ, ਪਰਮਜੀਤ ਸਿੰਘ ਚੀਮਾ, ਜਥੇਦਾਰ ਰਣਵੀਰ ਸਿੰਘ, ਜਥੇਦਾਰ ਜਸਵੰਤ ਸਿੰਘ, ਗੁਰਦੀਪ ਸਿੰਘ ਲੁਬਾਣਗੜ੍ਹ, ਬਹਾਦਰ ਸਿੰਘ, ਪ੍ਰਿੰਸੀਪਲ ਸਵਰਨ ਸਿੰਘ, ਰਣਧੀਰ ਸਿੰਘ ਸੈਣੀ, ਜੀਤ ਸਿੰਘ ਰਾਮਗੜ੍ਹ, ਜਗਜੀਤ ਸਿੰਘ ਜੱਗੀ ਮਾਛੀਵਾੜਾ, ਕਾਮਰੇਡ ਦਰਸ਼ਨ ਸਿੰਘ, ਜਥੇਦਾਰ ਦਲਜੀਤ ਸਿੰਘ, ਕਰਨੈਲ ਸਿੰਘ ਮਾਛੀਵਾੜਾ, ਬਿੱਲਾ ਬਹਿਲੋਲਪੁਰ, ਗੁਰਜੀਤ ਸਿੰਘ ਬਹਿਲੋਲਪੁਰ, ਦਰਸ਼ਨ ਸਿੰਘ ਬਹਿਲੋਲਪੁਰ ਵੀ ਮੌਜੂਦ ਸਨ।