ਬੰਗਲਾਦੇਸ਼: ਮੁਜੀਬੁਰ ਰਹਿਮਾਨ ਦਾ ‘ਰਾਸ਼ਟਰਪਿਤਾ’ ਦਾ ਖ਼ਿਤਾਬ ਵਾਪਸ ਲਿਆ
ਢਾਕਾ: ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਕਾਨੂੰਨ ’ਚ ਸੋਧ ਕਰਕੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦਾ ‘ਰਾਸ਼ਟਰਪਿਤਾ’ ਦਾ ਖ਼ਿਤਾਬ ਵਾਪਸ ਲੈ ਲਿਆ ਹੈ ਤੇ ਉਨ੍ਹਾਂ ਦਾ ਜ਼ਿਕਰ ਆਜ਼ਾਦੀ ਘੁਲਾਟੀਏ ਵਜੋਂ ਕੀਤਾ ਗਿਆ ਹੈ। ਮੁਹੰਮਦ ਯੁੂਨਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮੁਲਕ ਦੇ ਬਾਨੀ ਤੇ ਗੱਦੀਓਂ ਲਾਂਭੇ ਕੀਤੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਿਤਾ ਦੀ ਤਸਵੀਰ ਨੋਟਾਂ ਤੋਂ ਹਟਾਉਣ ਦੇ ਕੁਝ ਦਿਨ ਬਾਅਦ ਮੰਗਲਵਾਰ ਨੂੰ ਇਹ ਕਦਮ ਚੁੱਕਿਆ ਗਿਆ। ਅੰਤਰਿਮ ਸਰਕਾਰ ਨੇ ਕੌਮੀ ਆਜ਼ਾਦੀ ਘੁਲਾਟੀਏ ਕੌਂਸਲ ਕਾਨੂੰਨ ’ਚ ਸੋਧ ਕਰਦਿਆਂ ਆਜ਼ਾਦੀ ਘੁਲਾਟੀਏ ਦੀ ਪਰਿਭਾਸ਼ਾ ਨੂੰ ਤਬਦੀਲ ਕੀਤਾ ਹੈ। ਇਸ ਵਿੱਚ ਕਿਹਾ ਗਿਆ ਕਿ ਕਾਨੂੰਨ, ਨਿਆਂ ਤੇ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਮੰਗਲਵਾਰ ਰਾਤ ਨੂੰ ਇਸ ਸਬੰਧੀ ਆਰਡੀਨੈਂਸ ਜਾਰੀ ਕੀਤਾ ਗਿਆ। ਬੀਡੀਨਿਊਜ਼24.ਕਾਮ ਪੋਰਟਲ ਦੀ ਖ਼ਬਰ ਮੁਤਾਬਕ, ‘‘ਰਾਸ਼ਟਰਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ’ ਸ਼ਬਦ ਤੇ ਕਾਨੂੰਨ ਦੇ ਉਹ ਹਿੱਸੇ ਜਿਨ੍ਹਾਂ ਵਿੱਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਨਾਮ ਸੀ, ਨੂੰ ਹਟਾ ਦਿੱਤਾ ਗਿਆ ਹੈ।’’ -ਪੀਟੀਆਈ