ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੇ ਜ਼ੋਰ ਫੜਿਆ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 8 ਮਈ
ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਜ਼ਾਨਾ ਥਾਂ-ਥਾਂ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੈਰੀਫੈਰੀ ਮਿਲਕ ਯੂਨੀਅਨ ਮੁਹਾਲੀ-ਚੰਡੀਗੜ੍ਹ ਨੇ ਵੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਅੱਜ ਮੁਜ਼ਾਹਰਾ ਕੀਤਾ। ਯੂਨੀਅਨ ਦੇ ਜਰਨਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਨੂੰ ਸਿਆਸੀ ਦਬਾਅ ਕਾਰਨ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਬੇਟੀ ਪੜ੍ਹਾਓ-ਬੇਟੀ ਬਚਾਓ’ ਦੀ ਗੱਲ ਕਰਦੇ ਹਨ, ਪਰ ਇਸ ਮਸਲੇ ‘ਤੇ ਚੁੱਪ ਧਾਰ ਲਈ ਹੈ। ਆਗੂਆਂ ਨੇ ਮੰਗ ਕੀਤੀ ਕਿ ਦੇਸ਼ ਵਿੱਚ ਧੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਭਾਜਪਾ ਆਗੂ ਦੀ ਵਧੀਕੀਆਂ ਦਾ ਸਾਹਮਣਾ ਕਰ ਰਹੇ ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਬਾਸੀਆਂ, ਜਸਵੀਰ ਸਿੰਘ ਨਰੈਣਾ, ਬਲਵਿੰਦਰ ਸਿੰਘ ਬੀੜ, ਦਲਜੀਤ ਸਿੰਘ ਮਨਾਣਾ, ਸੰਤ ਸਿੰਘ ਕੁਰੜੀ, ਸਤਪਾਲ ਸਿੰਘ ਸਵਾੜਾ, ਜਸਵੀਰ ਸਿੰਘ ਢਕੋਰਾ, ਸੁਭਾਸ਼ ਗੋਚਰ, ਮਨਜੀਤ ਸਿੰਘ, ਹਰਜੰਗ ਸਿੰਘ, ਜਗਤਾਰ ਸਿੰਘ ਅਤੇ ਅੰਗਰੇਜ਼ ਸਿੰਘ ਵੀ ਮੌਜੂਦ ਸਨ।