ਬੈਡਮਿੰਟਨ: ਲੁਧਿਆਣਾ ਤੇ ਫ਼ਿਰੋਜ਼ਪੁਰ ਦੀਆਂ ਟੀਮਾਂ ਜੇਤੂ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 8 ਮਈ
ਜ਼ਿਲ੍ਹਾ ਮੁਹਾਲੀ ਬੈਡਮਿੰਟਨ ਐਸੋਸੀਏਸ਼ਨ ਵਲੋਂ ਇੱਥੋਂ ਦੇ ਸੈਕਟਰ 78 ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਪੰਜਾਬ ਸਟੇਟ ਜੂਨੀਅਰ ਅੰਡਰ11 ਅਤੇ ਅੰਡਰ-13 ਰੈਕਿੰਗ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 192 ਖਿਡਾਰੀਆਂ ਨੇ ਹਿੱਸਾ ਲਿਆ।
ਇੰਟਰਨੈਸ਼ਨਲ ਏਸ਼ੀਅਨ ਚੈਂਪੀਅਨ ਅਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਵਿਨੋਦ ਵਤਰਾਨਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜ਼ਿਲ੍ਹਾ ਮੁਹਾਲੀ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਏਕੇ ਕੌਸ਼ਲ ਅਤੇ ਸਕੱਤਰ ਚਿਤਰੰਜਨ ਬਾਂਸਲ ਵੀ ਇਸ ਮੌਕੇ ਮੌਜੂਦ ਸਨ। ਸਕੱਤਰ ਪਰਮਿੰਦਰ ਸ਼ਰਮਾ ਨੇ ਦੱਸਿਆ ਕਿ ਲੜਕਿਆਂ ਦੇ ਅੰਡਰ-11 ਵਰਗ ਦੇ ਸਿੰਗਲ ਮੁਕਾਬਲੇ ਵਿੱਚ ਹਰਸ਼ਬੀਰ ਸਿੰਘ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਗੁਰਦਾਸਪੁਰ ਦੇ ਅਗਰਿਮ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਅੰਡਰ-13 ਵਰਗ ਵਿੱਚ ਜ਼ੋਰਾਵਰ ਸਿੰਘ ਜਲੰਧਰ ਨੇ ਜਿੱਤ ਹਾਸਲ ਕੀਤੀ। ਲੜਕੀਆਂ ਦੇ ਅੰਡਰ-11 ਸਿੰਗਲ ਵਿੱਚ ਫਿਰੋਜ਼ਪੁਰ ਦੀ ਜਪਲੀਨ ਕੌਰ ਜੇਤੂ ਰਹੀ। ਐਸੋਸੀਏਸ਼ਨ ਵੱਲੋਂ ਜੇਤੂ ਖਿਡਾਰੀਆਂ ਦਾ ਸਨਮਾਨ ਦਿੱਤਾ ਗਿਆ।