ਬੈਡਮਿੰਟਨ: ਥਾਈਲੈਂਡ ਓਪਨ ’ਚ ਭਾਰਤੀ ਚੁਣੌਤੀ ਖ਼ਤਮ
ਬੈਂਕਾਕ, 15 ਮਈ
ਇਲੀਟ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟਾਂ ਵਿੱਚ ਭਾਰਤ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਹੈ ਅਤੇ ਥਾਈਲੈਂਡ ਓਪਨ ਸੁਪਰ 500 ਵਿੱਚ ਭਾਰਤ ਦੀ ਚੁਣੌਤੀ ਉਸ ਵੇਲੇ ਖ਼ਤਮ ਹੋ ਗਈ ਜਦੋਂ ਦੁਨੀਆ ਦੀ 10ਵੇਂ ਨੰਬਰ ਦੀ ਮਹਿਲਾ ਜੋੜੀ ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਸਣੇ ਸਾਰੇ ਭਾਰਤੀ ਖਿਡਾਰੀ ਬਾਹਰ ਹੋ ਗਏ। ਤ੍ਰੀਸਾ ਤੇ ਗਾਇਤਰੀ ਨੂੰ ਜਪਾਨ ਦੀ ਰੂਈ ਹਿਰੋਕਾਮੀ ਅਤੇ ਸਾਯਾਕਾ ਹੋਬਾਰਾ ਨੇ ਦੂਜੇ ਗੇੜ ਵਿੱਚ 22-20, 21-14 ਨਾਲ ਹਰਾਇਆ।
ਪੁਰਸ਼ ਸਿੰਗਲਜ਼ ਵਿੱਚ ਲਕਸ਼ੈ ਸੈਨ ਪਹਿਲੇ ਗੇੜ ’ਚ ਬਾਹਰ ਹੋ ਗਿਆ ਸੀ। ਉੜੀਸਾ ਮਾਸਟਰਜ਼ 2022 ਤੇ ਅਬੂ ਧਾਬੀ ਮਾਸਟਰਜ਼ 2023 ਦੀ ਜੇਤੂ 17 ਸਾਲਾ ਉੱਨਤੀ ਹੁੱਡਾ ਨੂੰ ਥਾਈਲੈਂਡ ਦੀ ਸਿਖ਼ਰਲਾ ਦਰਜਾ ਪ੍ਰਾਪਤ ਪੋਰਨਪਾਵੀ ਚੋਚੂਵੌਂਗ ਨੇ 39 ਮਿੰਟਾਂ ਵਿੱਚ 21-14, 21-11 ਨਾਲ ਹਰਾਇਆ। ਦੁਨੀਆ ਦੀ 23ਵੇਂ ਨੰਬਰ ਦੀ ਖਿਡਾਰਨ ਮਾਲਵਿਕਾ ਬੰਸੋੜ ਨੂੰ ਸਾਬਕਾ ਵਿਸ਼ਵ ਚੈਂਪੀਅਨ ਥਾਈਲੈਂਡ ਦੀ ਰੇਚਾਨੋਕ ਇੰਤਾਨੋਨ ਨੇ 21-12, 21-16 ਨਾਲ ਹਰਾਇਆ। ਉੱਧਰ, ਆਕਰਸ਼ਿਕ ਕਸ਼ਿਅਪ ਨੂੰ ਸੁਪਨਿਦਾ ਕੈਟਥੌਂਗ ਨੇ 34 ਮਿੰਟਾਂ ਦੇ ਅੰਦਰ 21-9, 21-14 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਿੱਚ ਤਰੁਨ ਮੰਨੇਪੱਲੀ ਨੂੰ ਡੈਨਮਾਰਕ ਦੇ ਐਂਡਰਜ਼ ਐਂਟੋਨਸੇਨ ਨੇ 21-14, 21-16 ਨਾਲ ਹਰਾਇਆ। ਭਾਰਤ ਦਾ ਕੋਈ ਖਿਡਾਰੀ ਇਸ ਸਾਲ ਬੀਡਬਲਿਊਐੱਫ ਵਿਸ਼ਵ ਟੂਰ ਟੂਰਨਾਮੈਂਟ ਦੇ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ ਹੈ। ਲਕਸ਼ੈ ਸੈਨ, ਪੀਵੀ ਸਿੰਧੂ ਅਤੇ ਐੱਚਐੱਚ ਪ੍ਰਣਯ ਖ਼ਰਾਬ ਫਾਰਮ, ਸੱਟਾਂ ਅਤੇ ਬਿਮਾਰੀ ਨਾਲ ਜੂਝ ਰਹੇ ਹਨ। -ਪੀਟੀਆਈ