ਬੈਡਮਿੰਟਨ: ਕਿਦਾਂਬੀ ਸ੍ਰੀਕਾਂਤ ਮਲੇਸ਼ੀਆ ਮਾਸਟਰਜ਼ ਦੇ ਫਾਈਨਲ ’ਚ
ਕੁਆਲਾਲੰਪੁਰ, 24 ਮਈ
ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਜਪਾਨ ਦੇ ਯੂਸ਼ੀ ਤਨਾਕਾ ਨੂੰ ਹਰਾ ਕੇ ਛੇ ਸਾਲਾਂ ਵਿੱਚ ਪਹਿਲੀ ਵਾਰ ਕਿਸੇ ਬੀਡਬਲਿਊਐੱਫ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਜਗ੍ਹਾ ਬਣਾਈ ਹੈ। 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸ੍ਰੀਕਾਂਤ ਨੇ ਹਮਲਾਵਰ ਖੇਡ ਦੀ ਬਦੌਲਤ ਰੋਮਾਂਚਕ ਮੈਚ ਵਿੱਚ ਵਿਸ਼ਵ ਦੇ 23ਵੇਂ ਨੰਬਰ ਦੇ ਖਿਡਾਰੀ ਨੂੰ 21-18, 24-22 ਨਾਲ ਮਾਤ ਦਿੱਤੀ।
ਜਿੱਤ ਤੋਂ ਬਾਅਦ ਸ੍ਰੀਕਾਂਤ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ, ਮੈਂ ਇੱਥੇ ਬਹੁਤ ਸਮੇਂ ਬਾਅਦ ਪਹੁੰਚਿਆ ਹਾਂ।’ ਐਤਵਾਰ ਨੂੰ ਫਾਈਨਲ ਵਿੱਚ ਉਸ ਦਾ ਸਾਹਮਣਾ ਚੀਨ ਦੇ ਦੂਜਾ ਦਰਜਾ ਪ੍ਰਾਪਤ ਲੀ ਸ਼ੀ ਫੇਂਗ ਨਾਲ ਹੋਵੇਗਾ। ਸ੍ਰੀਕਾਂਤ 2019 ਇੰਡੀਆ ਓਪਨ ਵਿੱਚ ਉਪ ਜੇਤੂ ਰਿਹਾ ਸੀ ਅਤੇ ਇਸ ਤੋਂ ਬਾਅਦ ਤੋਂ ਉਸ ਬੀਡਬਲਿਊਐੱਫ ਵਿਸ਼ਵ ਟੂਰ ’ਤੇ ਇਹ ਉਸ ਦਾ ਪਹਿਲਾ ਫਾਈਨਲ ਹੈ। ਉਸ ਨੇ 2017 ਵਿੱਚ ਚਾਰ ਖਿਤਾਬ ਜਿੱਤੇ ਸਨ। ਸਾਬਕਾ ਵਿਸ਼ਵ ਨੰਬਰ ਇੱਕ ਸ੍ਰੀਕਾਂਤ ਪਿਛਲੇ ਕੁਝ ਸੀਜ਼ਨਾਂ ਤੋਂ ਖਰਾਬ ਲੈਅ ਦਾ ਸਾਹਮਣਾ ਕਰਨ ਰਿਹਾ ਸੀ, ਜਿਸ ਕਾਰਨ ਉਹ ਹੁਣ ਵਿਸ਼ਵ ਰੈਂਕਿੰਗ ਵਿੱਚ 65ਵੇਂ ਸਥਾਨ ’ਤੇ ਕਾਬਜ਼ ਹੈ। ਸ੍ਰੀਕਾਂਤ ਨੇ ਕਿਹਾ, ‘ਸਰੀਰਕ ਤੌਰ ’ਤੇ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਪਰ ਮੈਂ ਪਿਛਲੇ ਸਾਲ ਬਹੁਤੇ ਮੈਚ ਨਹੀਂ ਖੇਡੇ। ਹੁਣ ਮੈਂ ਕੁਆਲੀਫਾਇੰਗ ਖੇਡ ਰਿਹਾ ਹਾਂ। ਇਸ ਵਾਰ ਸਭ ਕੁਝ ਠੀਕ ਰਿਹਾ। ਮੈਂ ਪਿਛਲੇ ਮਹੀਨੇ ਤੋਂ ਸਖ਼ਤ ਮਿਹਨਤ ਕਰ ਰਿਹਾ ਸੀ।’ ਉਸ ਨੇ ਕਿਹਾ, ‘ਇਹ ਜਿੱਤ ਬਹੁਤ ਲੰਬੇ ਸਮੇਂ ਬਾਅਦ ਮਿਲੀ ਹੈ। -ਪੀਟੀਆਈ