ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਅੱਜ ਤੋਂ
ਨਿੰਗਬੋ, 7 ਅਪਰੈਲ
ਲਕਸ਼ੈ ਸੇਨ, ਐੱਚਐੱਸ ਪ੍ਰਣੌਏ ਅਤੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਵਰਗੇ ਭਾਰਤੀ ਸ਼ਟਲਰ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ। ਲਗਾਤਾਰ ਮਾੜੇ ਪ੍ਰਦਰਸ਼ਨ ਕਾਰਨ ਸਿੰਧੂ ਵਿਸ਼ਵ ਰੈਂਕਿੰਗ ਵਿੱਚ 17ਵੇਂ ਸਥਾਨ ’ਤੇ ਆ ਗਈ ਹੈ। ਸਿੰਧੂ ਤੋਂ ਇਲਾਵਾ ਮਾਲਵਿਕਾ, ਅਨੁਪਮਾ ਉਪਾਧਿਆਏ ਅਤੇ ਆਕਰਸ਼ੀ ਕਸ਼ਯਪ ਵੀ ਮਹਿਲਾ ਸਿੰਗਲਜ਼ ਵਿੱਚ ਹਿੱਸਾ ਲੈਣਗੀਆਂ।
ਸੇਨ ਆਪਣੀ ਮੁਹਿੰਮ ਦੀ ਸ਼ੁਰੂਆਤ ਚੀਨੀ ਤਾਇਪੇ ਦੇ ਲੀ ਚੀਆ ਹਾਓ ਵਿਰੁੱਧ ਕਰੇਗਾ, ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਿਆ ਸੀ। ਚਿਕਨਗੁਨੀਆ ਤੋਂ ਪੀੜਤ ਹੋਣ ਤੋਂ ਬਾਅਦ ਪ੍ਰਣੌਏ ਬਹੁਤਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ। ਉਹ ਆਪਣੇ ਪਹਿਲੇ ਮੈਚ ਵਿੱਚ ਚੀਨ ਦੇ ਗੁਆਂਗ ਜ਼ੂ ਲੂ ਨਾਲ ਭਿੜੇਗਾ। ਇਸੇ ਤਰ੍ਹਾਂ ਪ੍ਰਿਯਾਂਸ਼ੂ ਰਾਜਾਵਤ ਦਾ ਸਾਹਮਣਾ ਥਾਈਲੈਂਡ ਦੇ ਖਿਡਾਰੀ ਨਾਲ ਹੋਵੇਗਾ। ਸਿੰਧੂ ਆਪਣੀ ਮੁਹਿੰਮ ਦੀ ਸ਼ੁਰੂਆਤ ਵਿਸ਼ਵ ਦੀ 34ਵੇਂ ਨੰਬਰ ਦੀ ਇੰਡੋਨੇਸ਼ਿਆਈ ਖਿਡਾਰਨ ਐਸਟਰ ਨੂਰੁਮੀ ਟ੍ਰਾਈ ਵਾਰਡੋਯੋ ਖ਼ਿਲਾਫ਼ ਕਰੇਗੀ। ਅਨੁਪਮਾ ਦਾ ਸਾਹਮਣਾ ਸਾਬਕਾ ਵਿਸ਼ਵ ਚੈਂਪੀਅਨ ਥਾਈਲੈਂਡ ਦੀ ਅੱਠਵਾਂ ਦਰਜਾ ਪ੍ਰਾਪਤ ਰਤਚਾਨੋਕ ਇੰਤਾਨੋਨ ਨਾਲ ਹੋਵੇਗਾ। ਮਾਲਵਿਕਾ ਅਤੇ ਆਕਰਸ਼ੀ ਕਸ਼ਯਪ ਚੀਨ ਦੀਆਂ ਖਿਡਾਰਨਾਂ ਖ਼ਿਲਾਫ਼ ਉਤਰਨਗੀਆਂ। -ਪੀਟੀਆਈ