ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੈਂਡ-ਬਾਜਾ-ਬਰਾਤ: ਲਾੜੀ ਪਾ ਗਈ ਸਾਰਿਆਂ ਨੂੰ ਮਾਤ

04:52 AM Jun 11, 2025 IST
featuredImage featuredImage
ਮੋਗਾ ਵਿੱਚ ਪਰੇਸ਼ਾਨ ਖੜ੍ਹਾ ਲਾੜਾ ਪਰਿਵਾਰ।

ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਜੂਨ
ਇਥੇ ਵਿਆਹ ਦੇ ਨਾਮ ’ਤੇ ਧੋਖਾਧੜੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਪਿਛਲੇ ਪੰਜ ਦਿਨਾਂ ਵਿੱਚ ਅਜਿਹਾ ਦੂਜਾ ਮਾਮਲਾ ਹੈ। ਜਾਣਕਾਰੀ ਅਨੁਸਾਰ ਇਥੇ ਅੰਮ੍ਰਿਤਸਰ ਤੋਂ ਲਾੜਾ ਬਰਾਤ ਨਾਲ ਪਹੁੰਚ ਗਿਆ ਪਰ ਉਸ ਨੂੰ ਨਾ ਤਾਂ ਐੱਨਆਰਆਈ ਲਾੜੀ ਲੱਭੀ ਤੇ ਨਾ ਹੀ ਪਰਿਵਾਰ ਦਾ ਕੋਈ ਥਹੁ-ਪਤਾ ਲੱਗਾ। ਅਖੀਰ ਲਾੜੇ ਨੂੰ ਬਰਾਤ ਨਾਲ ਨਿਰਾਸ਼ ਪਰਤਣਾ ਪਿਆ ਤੇ ਉਨ੍ਹਾਂ ਦੀਆਂ ਸਾਰੀਆਂ ਖ਼ੁਸ਼ੀਆਂ ਤੇ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ। ਪਰੇਸ਼ਾਨ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਜੋ ਲੜਕੀ ਪਰਿਵਾਰ ਵੱਲੋਂ ਕਾਰਡ ਛਪਵਾਏ ਗਏ ਹਨ, ਉਹ ਪੈਲੇਸ ਵੀ ਨਹੀਂ ਲੱਭ ਰਿਹਾ। ਦੂਜੇ ਪਾਸੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਲਜਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ।
ਵੇਰਵਿਆਂ ਅਨੁਸਾਰ ਅੰਮ੍ਰਿਤਸਰ ਦੇ ਸੁਲਤਾਨਵਿੰਡ ਤੋਂ ਲਾੜਾ ਬਰਾਤ ਨਾਲ ਪਰਵਾਸੀ ਲਾੜੀ ਨੂੰ ਵਿਆਹੁਣ ਪਹੁੰਚਿਆ ਸੀ। ਇਥੇ ਪੁੱਜ ਕੇ ਉਨ੍ਹਾਂ ਨੂੰ ਨਾ ਤਾਂ ਲਾੜੀ ਮਿਲੀ ਅਤੇ ਨਾ ਹੀ ਲਾੜੀ ਦੇ ਪਰਿਵਾਰ ਦਾ ਥਹੁ-ਪਤਾ ਲੱਗਾ। ਇਸ ਦੌਰਾਨ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਲਾੜੀ ਦੀ ਫੋਟੋ ਦਿਖਾਈ ਤਾਂ ਲੋਕਾਂ ਨੇ ਕਿਹਾ ਕਿ ਉਨ੍ਹਾਂ ਮੁਹੱਲੇ ਵਿੱਚ ਕਦੇ ਇਹ ਕੁੜੀ ਨਹੀਂ ਦੇਖੀ। ਇਸ ਮੌਕੇ ਲਾੜੇ ਦੀ ਭਰਜਾਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਪਰਿਵਾਰ ਨਾਲ ਉਨ੍ਹਾਂ ਦੀ ਦੂਰ ਦੀ ਰਿਸ਼ਤੇਦਾਰੀ ਹੈ। ਉਹ ਇੰਗਲੈਂਡ ਰਹਿੰਦੇ ਹਨ। ਹੁਣ ਹਰ ਰੋਜ਼ ਵਿਆਹ ਦੀਆਂ ਤਿਆਰੀਆਂ ਸਬੰਧੀ ਉਨ੍ਹਾਂ ਨਾਲ ਗੱਲ ਹੁੰਦੀ ਸੀ। ਜਦੋਂ ਵੀ ਉਨ੍ਹਾਂ ਦੀ ਲੜਕੀ ਪਰਿਵਾਰ ਨਾਲ ਫੋਨ ’ਤੇ ਗੱਲ ਹੁੰਦੀ ਸੀ ਤਾਂ ਉਹ ਇਹ ਕਹਿ ਦਿੰਦੇ ਸਨ ਕਿ ਬੱਸ ਸਟੈਂਡ ਨੇੜੇ ਛੇ ਨੰਬਰ ਗਲੀ ਹੈ ਪਰ ਛੇ ਨੰਬਰ ਗਲੀ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਪਰਿਵਾਰ ਹੀ ਨਹੀਂ ਰਹਿ ਰਿਹਾ ਤੇ ਨਾ ਹੀ ਤਸਵੀਰ ਵਾਲੀ ਕੋਈ ਲੜਕੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਪਹਿਲਾਂ ਵੀ 6 ਦਸੰਬਰ 2024 ਨੂੰ ਜਲੰਧਰ ਤੋਂ ਇਕ ਲਾੜਾ ਇਥੇ ਬਰਾਤ ਲੈ ਕੇ ਪਹੁੰਚਿਆ ਸੀ ਪਰ ਉਨ੍ਹਾਂ ਨੂੰ ਵੀ ਲਾੜੀ ਦੇ ਪਰਿਵਾਰ ਦਾ ਘਰ ਨਹੀਂ ਲੱਭਾ ਅਤੇ ਇਸੇ ਤਰ੍ਹਾਂ ਨਿਰਾਸ਼ ਮੁੜਨਾ ਪਿਆ ਸੀ।

Advertisement

Advertisement