ਬੈਂਕ ਡਕੈਤੀ: ਤਿੰਨ ਮੁਲਜ਼ਮਾਂ ਕੋਲੋਂ ਲੁੱਟੀ ਨਕਦੀ ਅਤੇ ਹਥਿਆਰ ਬਰਾਮਦ
ਜਸਬੀਰ ਸਿੰਘ ਚਾਨਾ
ਕਪੂਰਥਲਾ, 16 ਜੂਨ
ਫਗਵਾੜਾ ਦੇ ਰਿਹਾਣਾ ਜੱਟਾਂ ਵਿੱਚ ਹੋਈ ਬੈਂਕ ਡਕੈਤੀ ਸਬੰਧੀ ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰਕੇ ਲੁੱਟੇ ਗਏ 28 ਲੱਖ 67 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ।
ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਗੌਰਵ ਤੂਰਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਦਾਤ ਵਿੱਚ ਸ਼ਾਮਲ 2 ਮੁਲਜ਼ਮਾਂ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਕਾਬੂ ਕੀਤਾ ਗਿਆ ਹੈ। ਇਸ ਵਾਰਦਾਤ ਵਿਚ ਵਰਤੀ ਗਈ ਵਰਨਾ ਕਾਰ, ਇਨੋਵਾ, 2 ਪਿਸਤੌਲ 32 ਬੋਰ , 2 ਕਾਰਤੂਸ ਤੇ ਲੁੱਟ ਦੀ 28 ਲੱਖ 67 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰਕੇ ਕੇਸ ਨੂੰ ਸੁਲਝਾ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ 30 ਮਈ ਨੂੰ ਤਿੰਨ ਨਕਾਬਪੋਸ਼ਾਂ ਨੇ ਐੱਚਡੀਐੱਫਸੀ ਬੈਂਕ ਰਿਹਾਣਾ ਜੱਟਾਂ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਸਬੰਧੀ ਥਾਣਾ ਰਾਵਲਪਿੰਡੀ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗੁਰਮਿੰਦਰ ਸਿੰਘ ਵਾਸੀ ਕਾਹਲਵਾਂ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਸੱਤ ਜੂਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਲੁੱਟ ਕੀਤੀ ਗਈ ਰਕਮ ਵਿੱਚੋਂ 13 ਲੱਖ 10 ਹਜ਼ਾਰ ਰੁਪਏ ਅਤੇ ਦੇਸੀ ਪਿਸਤੌਲ 32 ਬੋਰ ਸਣੇ 2 ਰੌਂਦ ਬਰਾਮਦ ਕੀਤੇ ਗਏ ਸਨ।
ਉਸ ਕੋਲੋਂ ਪੁੱਛ ਪੜਤਾਲ ਮਗਰੋਂ ਨਵਜੋਤ ਸਿੰਘ ਵਾਸੀ ਕਾਹਲਵਾਂ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਅਤੇ ਜੋਰਾਵਰ ਸਿੰਘ ਸੋਢੀ ਵਾਸੀ ਧਾਲੀਵਾਲ ਕਾਦੀਆਂ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਮਥੁਰਾ (ਉੱਤਰ ਪ੍ਰਦੇਸ਼) ਤੋਂ ਕਾਰ ਇਨੋਵਾ ਕਰਿਸਟਾ ਪੀਬੀ08 ਐੱਫਬੀ 0039 ਸਣੇ ਕਾਬੂ ਕੀਤਾ ਅਤੇ ਲੁੱਟ ਦੀ ਰਾਸ਼ੀ ਦੇ 2,02,000-ਰੁਪਏ ਬਰਾਮਦ ਕੀਤੇ। ਇਨ੍ਹਾਂ ਕੋਲੋਂ ਪੁੱਛਗਿੱਛ ਮਗਰੋਂ ਵਾਰਦਾਤ ਵਿੱਚ ਵਰਤੀ ਕਾਰ ਵਰਨਾ ਅਤੇ 13 ਲੱਖ 55 ਹਜ਼ਾਰ ਰੁਪਏ ਅਤੇ ਪਿਸਤੌਲ 32 ਬੋਰ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੀਤੀ ਤਫਤੀਸ਼ ਦੌਰਾਨ ਕੁੱਲ 28 ਲੱਖ 67 ਹਜ਼ਾਰ ਰੁਪਏ, 2 ਪਿਸਤੌਲ 32 ਬੋਰ ਸਣੇ 2 ਰੌਂਦ, ਲੁੱਟ ਵਿੱਚ ਵਰਤੀ ਗਈ ਕਾਰ ਵਰਨਾ ਅਤੇ ਇਨੋਵਾ ਕਰਿਸਟਾ ਬਰਾਮਦ ਕੀਤੇ ਜਾ ਚੁੱਕੇ ਹਨ।
ਹੁਣ ਤੱਕ ਕੀਤੀ ਪੁੱਛ ਪੜਤਾਲ ਤੋਂ ਗੁਰਮਿੰਦਰ ਸਿੰਘ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਮਾਸਟਰ ਮਾਈਂਡ ਮੰਨਿਆ ਗਿਆ ਹੈ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।