ਬੇਵਸੀ
ਕਹਾਣੀ
ਹਰਜੀਤ ਸਿੰਘ
ਰੇਲ ਗੱਡੀ ਵਿੱਚ ਮੇਰੇ ਸਾਹਮਣੇ ਸੀਟ ’ਤੇ ਇੱਕ ਬਜ਼ੁਰਗ ਜੋੜਾ ਬੈਠਾ ਸੀ।
‘‘ਛੇਤੀ ਕੁਲੀ ਲੱਭੋ। ਅਟੈਚੀ ਭਾਰਾ ਹੈ, ਨਾ ਮੈਥੋਂ ਚੁੱਕਿਆ ਜਾਣਾ ਹੈ ਨਾ ਹੀ ਤੁਹਾਡੇ ਕੋਲੋਂ। ਗੱਡੀ ਵੀ ਇੱਥੇ ਥੋੜ੍ਹਾ ਚਿਰ ਹੀ ਰੁਕਦੀ ਹੈ।’’ ਔਰਤ ਨੇ ਮਰਦ ਨੂੰ ਆਖਿਆ। ਆਦਮੀ ਨੇ ਇੱਧਰ ਉੱਧਰ ਵੇਖਿਆ, ਪਰ ਕੋਈ ਵੀ ਕੁਲੀ ਨਾ ਮਿਲਿਆ।
‘‘ਕੋਈ ਗੱਲ ਨਹੀਂ ਮੈਨੂੰ ਅਟੈਚੀ ਫੜਾਓ, ਮੈਂ ਬਾਹਰ ਲੈ ਜਾਂਦਾ ਹਾਂ।’’ ਇਹ ਆਖ ਕਿ ਮੈਂ ਅਟੈਚੀ ਚੁੱਕਿਆ ਅਤੇ ਬਾਹਰ ਪਲੈਟਫਾਰਮ ’ਤੇ ਲਿਆ ਕੇ ਰੱਖ ਦਿੱਤਾ। ਅਟੈਚੀ ਕਾਫ਼ੀ ਭਾਰਾ ਸੀ।
‘‘ਮੇਰਾ ਪੁੱਤਰ ਇੱਥੇ ਨੌਕਰੀ ਕਰਦਾ ਹੈ। ਬਹੁਤ ਵਧੀਆ, ਇੱਜ਼ਤ ਮਾਣ ਵਾਲੀ ਨੌਕਰੀ ਹੈ। ਉਹ ਸਾਡਾ ਬਹੁਤ ਧਿਆਨ ਰੱਖਦਾ ਹੈ।’’ ਬਜ਼ੁਰਗ ਮੈਨੂੰ ਦੱਸ ਰਿਹਾ ਸੀ। ਪੁੱਤਰ ਦੀ ਉਡੀਕ ਵਿੱਚ ਬਜ਼ੁਰਗ ਬੇਚੈਨ ਹੋ ਰਿਹਾ ਸੀ, ਪਰ ਪੁੱਤਰ ਆ ਹੀ ਨਹੀਂ ਰਿਹਾ ਸੀ। ਫਿਰ ਮੋਬਾਈਲ ਦੀ ਘੰਟੀ ਵੱਜਦੀ ਹੈ।
‘‘ਮੇਰੇ ਬੇਟੇ ਦਾ ਫੋਨ ਹੈ।’’ ਪਿਤਾ ਨੇ ਟੌਹਰ ਨਾਲ ਮੈਨੂੰ ਆਖਿਆ। ਫੋਨ ਸੁਣਨ ਉਪਰੰਤ ਬਜ਼ੁਰਗ ਉਦਾਸ ਹੋ ਗਿਆ।
‘‘ਕੀ ਕਹਿੰਦਾ ਹੈ।’’ ਔਰਤ ਨੇ ਪੁੱਛਿਆ।
‘‘ਕਹਿੰਦਾ ਹੈ ਬਾਹਰ ਆ ਜਾਓ, ਮੇਰੇ ਕੋਲ ਸਮਾਂ ਬਹੁਤ ਘੱਟ ਹੈ।’’
‘‘ਕੋਈ ਗੱਲ ਨਹੀਂ। ਮੈਂ ਤੁਹਾਨੂੰ ਬਾਹਰ ਛੱਡ ਆਉਂਦਾ ਹਾਂ।’’ ਇਹ ਆਖ ਕੇ ਮੈਂ ਫਿਰ ਉਨ੍ਹਾਂ ਦਾ ਅਟੈਚੀ ਫੜਿਆ ਅਤੇ ਤੁਰ ਪਿਆ।
‘‘ਵਾਹਿਗੁਰੂ ਤੇਰੀ ਲੰਬੀ ਉਮਰ ਕਰੇ।’’ ਬਜ਼ੁਰਗ ਨੇ ਆਖਿਆ।
‘‘ਇਹ ਬਦਅਸੀਸ ਨਾ ਦਿਓ।’’
‘‘ਕਿਊਂ?’’ ਬਜ਼ੁਰਗ ਬੋਲਿਆ।
‘‘ਜਿਹੋ ਜਿਹੀ ਲੰਬੀ ਉਮਰ ਤੁਸੀਂ ਜੀ ਰਹੇ ਹੋ, ਮੈਨੂੰ ਪਸੰਦ ਨਹੀਂ। ਮੈਂ ਤਾਂ ਛੋਟੀ, ਪਰ ਚੰਗੀ ਅਤੇ ਸਿਹਤਮੰਦ ਜ਼ਿੰਦਗੀ ਜਿਉੂਣਾ ਚਾਹੁੰਦਾ ਹਾਂ।’’ ਮੇਰੀ ਸਿੱਧੀ ਗੱਲ ਸੁਣ ਕੇ ਉਹ ਉਦਾਸ ਹੋ ਗਿਆ। ਦੋਵੇਂ ਜਾਣੇ ਪੈਰ ਘਸੀਟਦੇ ਹੋਏ ਸਟੇਸ਼ਨ ਤੋਂ ਬਾਹਰ ਆ ਗਏ। ਆਪਣੇ ਬੇਟੇ ਦੀ ਗੱਡੀ ਵੇਖ ਕੇ ਉਹ ਬਹੁਤ ਖ਼ੁਸ਼ ਹੋ ਗਏ। ਮੈਂ ਸੋਚ ਰਿਹਾ ਸੀ ਕਿ ਬੇਟਾ ਗੱਡੀ ਵਿੱਚੋਂ ਨਿਕਲ ਕੇ ਮਾਂ-ਬਾਪ ਦੇ ਪੈਰੀਂ ਹੱਥ ਲਾਵੇਗਾ, ਪਰ ਅਜਿਹਾ ਕੁੱਝ ਨਾ ਹੋਇਆ। ਉਹ ਗੱਡੀ ਵਿੱਚ ਆਰਾਮ ਨਾਲ ਬੈਠਾ ਰਿਹਾ। ਅਟੈਚੀ ਭਾਰਾ ਸੀ। ਮੈਂ ਫਟਾਫਟ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਅਟੈਚੀ ਪਿਛਲੀ ਸੀਟ ’ਤੇ ਰੱਖ ਦਿੱਤਾ।
‘‘ਬੇਟਾ ਆਪਾਂ ਇਨ੍ਹਾਂ ਨੂੰ ਘਰ ਛੱਡ ਕੇ ਆਉਣਾ ਹੈ।’’ ਪਿਤਾ ਨੇ ਪੁੱਤਰ ਨੂੰ ਆਖਿਆ।
‘‘ਤੁਸੀਂ ਮੇਰੀ ਚਿੰਤਾ ਨਾ ਕਰੋ। ਮੈਂ ਚਲੇ ਜਾਣਾ ਹੈ। ਵੀਹ ਰੁਪਏ ਥ੍ਰੀ ਵ੍ਹੀਲਰ ਵਾਲੇ ਨੇ ਲੈਣੇ ਹਨ।’’ ਮੈਂ ਆਖਿਆ।
‘‘ਤੁਸੀਂ ਸਾਡੇ ਲਈ ਕਿੰਨਾ ਕੁੱਝ ਕੀਤਾ ਹੈ। ਅਸੀਂ ਤੁਹਾਨੂੰ ਛੱਡ ਕੇ ਆਵਾਂਗੇ।’’ ਬਜ਼ੁਰਗ ਨੇ ਆਖਿਆ।
‘‘ਪਰ ਪਾਪਾ ਮੇਰੇ ਕੋਲ ਸਮਾਂ ਨਹੀਂ ਹੈ। ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਤਾਂ ਹਰ ਇੱਕ ਨਾਲ ਦੋਸਤੀ ਕਰ ਲੈਂਦੇ ਹੋ। ਮੈਂ ਸਾਰਿਆਂ ਨੂੰ ਘਰ ਛੱਡ ਕੇ ਆਵਾਂ?’’ ਮੈਨੂੰ ਇਸ ਗੱਲ ਦਾ ਦੁਖ ਨਹੀਂ ਸੀ ਕਿ ਉਹ ਮੈਨੂੰ ਘਰ ਛੱਡਣ ਲਈ ਤਿਆਰ ਨਹੀਂ ਸੀ ਬਲਕਿ ਉਸ ਦੇ ਕਹੇ ਸ਼ਬਦਾਂ ਨੇ ਇੱਕ ਪਿਤਾ ਨੂੰ ਸ਼ਰਮਸ਼ਾਰ ਤੇ ਮਾਯੂਸ ਕੀਤਾ ਸੀ।
‘‘ਕੋਈ ਗੱਲ ਨਹੀਂ। ਵੇਖੋ ਕਿੰਨੇ ਥ੍ਰੀ ਵ੍ਹੀਲਰ ਵਾਲੇ ’ਵਾਜ਼ਾ ਮਾਰ ਰਹੇ ਹਨ। ਬਦੋ ਬਦੀ ਮੈਨੂੰ ਥ੍ਰੀ ਵ੍ਹੀਲਰ ਵਿੱਚ ਬਿਠਾ ਰਹੇ ਹਨ। ਵੀਹ ਰੁਪਏ ਵਿੱਚ ਮੇਰਾ ਕਿੰਨਾ ਮਾਣ ਸਤਿਕਾਰ ਹੋ ਰਿਹਾ ਹੈ।’’ ਇਹ ਆਖ ਕੇ ਮੈਂ ਥ੍ਰੀ ਵ੍ਹੀਲਰ ਵਿੱਚ ਬੈਠ ਗਿਆ। ਕਾਰ ਵੀ ਤੇਜ਼ੀ ਨਾਲ ਚੱਲ ਪਈ। ਬਜ਼ੁਰਗ ਅਜੇ ਵੀ ਪਿਛਾਂਹ ਮੁੜ ਕੇ ਬੇਵਸੀ ਵਿੱਚ ਮੇਰੇ ਵੱਲ ਵੇਖ ਰਿਹਾ ਸੀ।
ਸੰਪਰਕ: 92177-01415