ਬੇਵਸੀ
ਮੋਹਨ ਸ਼ਰਮਾ
ਨਸ਼ਿਆਂ ਦੇ ਕਹਿਰ ਨੇ ਜਿੱਥੇ ਘਰਾਂ ਦੀਆਂ ਚੂਲਾਂ ਹਿਲਾ ਦਿੱਤੀਆਂ ਨੇ, ਉੱਥੇ ਇਸ ਕਹਿਰ ਦਾ ਸਭ ਤੋਂ ਵੱਧ ਸੰਤਾਪ ਔਰਤਾਂ ਦੇ ਹਿੱਸੇ ਆਉਂਦਾ ਹੈ। ਮਾਂ ਦੇ ਰੂਪ ਵਿਚ ਉਹ ਚੱਕੀ ਦੇ ਪੁੜ ਵਾਂਗ ਵਿਚਾਲੇ ਪਿਸ ਰਹੀ ਹੈ। ਨਸ਼ੱਈ ਪੁੱਤ ਕਾਰਨ ਪਤੀ ਦੇ ਕੁਸੈਲੇ, ਇਸ ਤਰ੍ਹਾਂ ਦੇ ਬੋਲ- “ਇਸ ਨੂੰ ਤਾਂ ਤੂੰ ਹੀ ਝੰਬਲਾਇਆ ਹੈ, ਇਹਦੀਆਂ ਕਰਤੂਤਾਂ ‘ਤੇ ਪੜਦੇ ਵੀ ਪਾਉਂਦੀ ਰਹੀ ਅਤੇ ਚੋਰੀ-ਛਿਪੇ ਨਸ਼ਾ ਡੱਫਣ ਲਈ ਪੈਸੇ ਵੀ ਦਿੰਦੀ ਰਹੀ, ਹੁਣ ਕਿਉਂ ਰੋਨੀ ਐਂ ਅੱਖਾਂ ‘ਚ ਘਸੁੰਨ ਦੇ ਕੇ”, ਅਕਸਰ ਕਾਲਜਾ ਪੱਛਦੇ ਹਨ। ਦੂਜੇ ਪਾਸੇ ਮਾਂ ਦੇਰ ਰਾਤ ਤੱਕ ਘਰ ਦੀ ਦਹਿਲੀਜ਼ ‘ਤੇ ਬੁੱਤ ਜਿਹਾ ਬਣੀ ਉਹਨੂੰ ਉਡੀਕਦੀ ਹੈ: “ਭੁੱਖਣ ਭਾਣਾ ਪਤਾ ਨਹੀਂ ਕਿੱਥੇ ਧੱਕੇ ਖਾਂਦਾ ਫਿਰਦੈ। ਚੋਬਰ ਪੁੱਤ ਨਸ਼ੇ ਖਾ ਖਾ ਹੱਡੀਆਂ ਦਾ ਮੁੱਠ ਬਣ ਗਿਐ। ਇਹਨੂੰ ਲੋਟ ਕਰਨ ਲਈ ਕਿੱਥੇ ਲੈ ਕੇ ਜਾਵਾਂ? ਇਹ ਤਾਂ ਇਲਾਜ ਦੇ ਨਾਂ ‘ਤੇ ਪਰਾਂ ‘ਤੇ ਪਾਣੀ ਨਹੀਂ ਪੈਣ ਦਿੰਦਾ।” ਅਜਿਹੀਆਂ ਮਾਰੂ ਸੋਚਾਂ ਦੇ ਅੰਗ-ਸੰਗ ਰਹਿੰਦਿਆਂ ਉਹਦੀ ਸਾਰੀ ਰਾਤ ਮੰਜੇ ‘ਤੇ ਪਾਸੇ ਮਾਰਦਿਆਂ ਲੰਘ ਜਾਂਦੀ ਹੈ। ਪੁੱਤ ਦੀਆਂ ਕਰਤੂਤਾਂ ਦੇ ਗ਼ਮ ਕਾਰਨ ਉਹ ਆਪ ਅੱਧਮੋਈ ਜਿਹੀ ਹੋ ਜਾਂਦੀ ਹੈ।
ਵਿਆਹੀ ਵਰ੍ਹੀ ਭੈਣ ਵੀ ਸਹੁਰੇ ਘਰ ਮਾਯੂਸੀ ਭਰਿਆ ਜੀਵਨ ਬਤੀਤ ਕਰਦੀ ਹੈ। ਉਹ ਆਪਣੇ ਭਰਾ ਦੇ ਨਸ਼ੱਈ ਹੋਣ ਬਾਰੇ ਪਤੀ ਅਤੇ ਘਰ ਦੇ ਦੂਜੇ ਜੀਆਂ ਤੋਂ ਓਹਲਾ ਰੱਖਦੀ ਹੈ। ਉਹਨੂੰ ਡਰ ਰਹਿੰਦਾ ਹੈ ਕਿ ਸੱਸ-ਸਹੁਰਾ, ਦਰਾਣੀਆਂ-ਜਠਾਣੀਆਂ ਜਾਂ ਪਤੀ ‘ਨਸ਼ੱਈ ਭਰਾ’ ਦਾ ਮਿਹਣਾ ਨਾ ਮਾਰ ਦੇਣ। ਰੱਖੜੀ ਵਾਲੇ ਦਿਨ ਉਹ ਖੂਨ ਦੇ ਹੰਝੂ ਕੇਰਦੀ ਹੋਈ ਮਾਂ ਨੂੰ ਤਰਲੇ ਜਿਹੇ ਨਾਲ ਕਹਿੰਦੀ ਹੈ, “ਵੀਰੇ ਨੂੰ ਇੱਥੇ ਨਾ ਭੇਜੀਂ। ਮੈਂ ਆਪੇ ਇਕੱਲੀ ਰੱਖੜੀ ਵਾਲੇ ਦਿਨ ਥੋਡੇ ਕੋਲ ਆ ਜਾਵਾਂਗੀ।” ਉਹਨੂੰ ਡਰ ਰਹਿੰਦਾ ਹੈ ਕਿ ਜੇ ਉਹ ਨਸ਼ੇ ਵਿਚ ਟੱਲੀ ਹੋ ਕੇ ਗਲੀ ਵਿਚ ਡਿੱਗ ਪਿਆ ਜਾ ਆ ਕੇ ਮੰਜੇ ਤੇ ਬੇਹੋਸ਼ ਹੋ ਕੇ ਡਿੱਗਿਆ ਪਿਆ ਰਿਹਾ ਤਾਂ ਉਹਦੇ ਕੋਲੋਂ ਸਹੁਰੇ ਪਰਿਵਾਰ ਸਾਹਮਣੇ ਨਮੋਸ਼ੀ ਨਹੀਂ ਝੱਲੀ ਜਾਣੀ। ਉਂਝ ਵੀ ਉਹ ਗੰਭੀਰ ਹੋ ਕੇ ਸੋਚਦੀ ਹੈ- ‘ਕੁੜੀ ਦਾ ਵਸੇਬਾ ਮਾਪਿਆਂ ਦੇ ਸਿਰ ‘ਤੇ ਹੁੰਦੈ। ਜੇ ਇਨ੍ਹਾਂ ਨੂੰ ਪਤਾ ਲੱਗ ਗਿਆ ਕਿ ਨਸ਼ਿਆਂ ਕਾਰਨ ਇਕਲੌਤੇ ਭਰਾ ਦੇ ਘਰ ਰੋਜ਼ ਝੱਜੂ ਪਿਆ ਰਹਿੰਦੈ ਅਤੇ ਪੇਕਿਆਂ ਦੀ ਹਾਲਤ ਹੁਣ ਕੱਖੋਂ ਹੌਲੀ ਤੇ ਪਾਣੀਉਂ ਪਤਲੀ ਹੋ ਗਈ ਹੈ ਤਾਂ ਫਿਰ ਮੇਰਾ ਤਾਂ ਊਈਂ ਜਿਊਣਾ ਮੁਸ਼ਕਿਲ ਹੋਜੂ’। ਰੱਖੜੀ ਵਾਲੇ ਦਿਨ ਜਦੋਂ ਉਹ ਨਸ਼ੱਈ ਭਰਾ ਦੇ ਰੱਖੜੀ ਬੰਨ੍ਹਦੀ ਹੈ ਤਾਂ ਗੁੱਟ ‘ਤੇ ਰੱਖੜੀ ਬੰਨ੍ਹਣ ਵੇਲੇ ਭਰਾ ਦੀਆਂ ਕਾਨਿਆਂ ਵਰਗੀਆਂ ਸੁੱਕੀਆਂ ਬਾਹਾਂ ਥਾਂ ਥਾਂ ਸਰਿੰਜਾਂ ਨਾਲ ਵਿੰਨ੍ਹੀਆਂ ਦੇਖਦੀ ਹੈ ਤਾਂ ਉਹ ਨੈਣਾਂ ‘ਚੋਂ ਹੰਝੂ ਛਲਕਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ।
ਨਸ਼ੱਈ ਦੀ ਪਤਨੀ ਵੀ ਕੋਈ ਘੱਟ ਸੰਤਾਪ ਨਹੀਂ ਭੋਗਦੀ। ਸਹੁਰੀਂ ਆ ਕੇ ਜਦੋਂ ਉਹਨੂੰ ਪਤੀ ਦਾ ਨਸ਼ਿਆਂ ਦੀ ਦਲਦਲ ਵਿਚ ਧਸੇ ਹੋਣ ਦਾ ਪਤਾ ਲੱਗਦਾ ਹੈ ਤਾਂ ਉਹਨੂੰ ਜਾਪਦਾ ਹੈ ਕਿ ਵਿਆਹ ਤੋਂ ਪਹਿਲਾਂ ਸਿਰਜੇ ਰੰਗੀਨ ਸੁਫਨੇ ਖੇਰੂੰ ਖੇਰੂੰ ਹੋ ਗਏ ਹਨ। ਬਾਹਾਂ ਵਿਚ ਪਾਇਆ ਲਾਲ ਚੂੜਾ ਉਹਨੂੰ ਡੰਗ ਜਿਹਾ ਮਾਰਦਾ ਲੱਗਦਾ ਹੈ। ਕਦੇ ਵਿਚੋਲੇ ਨੂੰ, ਕਦੇ ਮਾਂ-ਬਾਪ ਤੇ ਕਦੇ ਕਿਸਮਤ ਨੂੰ ਕੋਸਦਿਆਂ ਖੂਨ ਦੇ ਹੰਝੂ ਵਹਾਉਂਦੀ ਹੈ।
ਇੱਦਾਂ ਹੀ ਇੱਕ ਪੀੜਤ ਔਰਤ ਆਪਣੇ ਨਸ਼ੱਈ ਪਤੀ ਨੂੰ ਲੈ ਕੇ ਨਸ਼ਾ ਛੁਡਾਊ ਕੇਂਦਰ ਵਿਚ ਆ ਗਈ। ਆਪਣੇ ਨਾਲ ਉਹ ਪੇਕਿਉਂ ਭਰਾ ਨੂੰ ਵੀ ਲੈ ਕੇ ਆਈ ਸੀ। ਕੌਂਸਲਿੰਗ ਤੋਂ ਬਾਅਦ ਸਾਹਮਣੇ ਆਇਆ ਕਿ ਨਸ਼ਿਆਂ ਕਾਰਨ ਉਸ ਨੇ ਪਰਿਵਾਰ ਨੂੰ ਖੁੰਘਲ ਕਰ ਦਿੱਤਾ ਹੈ। 2-3 ਕਿੱਲੇ ਹਿੱਸੇ ਆਈ ਜ਼ਮੀਨ ਵੀ ਨਸ਼ਿਆਂ ਦੇ ਲੇਖੇ ਲਾ ਦਿੱਤੀ ਹੈ। ਡੱਕਾ ਦੂਹਰਾ ਨਹੀਂ ਕਰਦਾ। ਪਤਨੀ ਘਰ ਵਿਚ ਰੱਖੀਆਂ ਦੋ ਮੱਝਾਂ ਦਾ ਦੁੱਧ ਵੇਚ ਕੇ ਪਰਿਵਾਰਕ ਲੋੜਾਂ ਪੂਰੀਆਂ ਕਰ ਰਹੀ ਸੀ ਪਰ ਇੱਕ ਦਿਨ ਮਜਬੁਰੀ ਵਸ ਉਹਨੂੰ ਪੇਕੀਂ ਜਾਣਾ ਪਿਆ ਅਤੇ ਨਸ਼ੱਈ ਪਤੀ ਨੇ ਉਹਦੀ ਗੈਰ-ਹਾਜ਼ਰੀ ਦਾ ਲਾਹਾ ਲੈਂਦਿਆਂ ਦੋਵੇਂ ਮੱਝਾਂ ਕੌਡੀਆਂ ਦੇ ਭਾਅ ਡੰਗਰਾਂ ਦੇ ਵਪਾਰੀਆਂ ਨੂੰ ਵੇਚ ਦਿੱਤੀਆਂ। ਘਰ ਲਈ ਆਮਦਨੀ ਦਾ ਇਹ ਸਾਧਨ ਵੀ ਜਾਂਦਾ ਰਿਹਾ। ਪਤਨੀ ਅਤੇ ਉਸ ਦੇ ਭਰਾ ਦੇ ਦਬਾਅ ਦੇ ਨਾਲ ਨਾਲ ਕੌਂਸਲਿੰਗ ਸਮੇਂ ਸਮਝਾਉਣ ਮਗਰੋਂ ਉਹ ਦਾਖਲ ਹੋਣ ਲਈ ਰਾਜ਼ੀ ਹੋ ਗਿਆ। ਪਤਨੀ ਅਤੇ ਉਸ ਦੇ ਭਰਾ ਨੂੰ ਸੰਬੋਧਨ ਕਰਦਿਆਂ ਜਦੋਂ ਮੈਂ ਸੰਸਥਾ ਦੇ ਨਿਯਮਾਂ ਸਬੰਧੀ ਜਾਣਕਾਰੀ ਦੇਣ ਲੱਗਿਆ ਤਾਂ ਨਸ਼ੱਈ ਦੀ ਪਤਨੀ ਨੇ ਅੰਤਾਂ ਦੀ ਮਾਯੂਸੀ ਵਿਚ ਪੀੜ ਭਰੀ ਆਵਾਜ਼ ਵਿਚ ਕਿਹਾ, “ਥੋਡੀਆਂ ਸਾਰੀਆਂ ਸ਼ਰਤਾਂ ਸਾਨੂੰ ਮਨਜ਼ੂਰ ਨੇ ਜੀ। ਹਾਥੀ ਦੀਆਂ ਪੈੜਾਂ ਵਿਚ ਸਾਰੀਆਂ ਪੈੜਾਂ ਹੀ ਆ ਗਈਆਂ। ਬੱਸ, ਇੱਕੋ ਅਰਜ਼ ਕਰਦੀ ਹਾਂ ਜੀ ਥੋਨੂੰ। ਜੇ ਇਥੇ ਇਲਾਜ ਦਰਮਿਆਨ ਇਹ ਮਰ ਵੀ ਜਾਂਦੈ… ਤਾਂ ਇਹਨੂੰ ਤੁਸੀਂ ਹੀ ਫੂਕ ਦਿਉ। ਲੱਕੜਾਂ ਦੇ ਪੈਸੇ ਅਸੀਂ ਦੇ ਦਿਆਂਗੇ।”
ਔਰਤ ਦੇ ਵਹਿੰਦੇ ਖੂਨ ਦੇ ਅੱਥਰੂਆਂ ਕਾਰਨ ਆਲੇ-ਦੁਆਲੇ ਸੋਗੀ ਹਵਾ ਪਸਰ ਗਈ ਸੀ।
ਸੰਪਰਕ: 94171-48866