ਬੇਗਮਪੁਰਾ ਵਸਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਮਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਲੰਘੇ ਕੱਲ੍ਹ ਪੰਜਾਬ ਭਰ ਤੋਂ ਜੀਂਦ ਰਿਆਸਤ ਦੀ 927 ਏਕੜ ਜ਼ਮੀਨ ’ਤੇ ਬੇਗਮਪੁਰਾ ਵਸਾਉਣ ਲਈ ਪੁੱਜ ਰਹੇ ਦਲਿਤ ਮਜ਼ਦੂਰਾਂ ਅਤੇ ਔਰਤਾਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਅਤੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਇਸ ਦੌਰਾਨ ਐਲਾਨ ਕੀਤਾ ਗਿਆ ਕਿ ਇਹ ਮਸਲਾ ਕਿਸੇ ਵੀ ਹਾਲਤ ਵਿੱਚ ਦਬੇਗਾ ਨਹੀਂ ਸਗੋਂ ਇਸ ਜ਼ਮੀਨ ’ਤੇ ਬੇਗਮਪੁਰਾ ਵਸਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ, ਸਕੱਤਰ ਧਰਮਵੀਰ ਹਰੀਗੜ੍ਹ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਹੈ ਕਿ ਸੰਵਿਧਾਨ ਮੁਤਾਬਕ ਪੰਜਾਬ ਵਿੱਚ 17 ਏਕੜ ਤੋਂ ਉਪਰਲੀ ਜ਼ਮੀਨ ਸਰਪਲੱਸ ਹੈ ਅਤੇ ਇਹ ਬੇਜ਼ਮੀਨੇ ਮਜ਼ਦੂਰਾਂ, ਕਿਸਾਨਾਂ ਵਿੱਚ ਵੰਡੀ ਜਾਣੀ ਚਾਹੀਦੀ ਹੈ ਪਰ ‘ਆਪ’ ਸਰਕਾਰ ਨੇ ਪੁਲੀਸ ਜਬਰ ਦੀ ਵਰਤੋਂ ਕਰਦਿਆਂ ਸੈਂਕੜੇ ਮਜ਼ਦੂਰਾਂ, ਔਰਤਾਂ ਤੇ ਬੱਚਿਆਂ ਨੂੰ ਹਿਰਾਸਤ ਵਿਚ ਲੈ ਕੇ ਸਾਰਾ ਦਿਨ ਥਾਣਿਆਂ ਵਿਚ ਡੱਕੀਂ ਰੱਖਿਆ ਅਤੇ ਦੇਰ ਰਾਤ ਕਰੀਬ 300 ਮਜ਼ਦੂਰਾਂ ਅਤੇ ਔਰਤਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਇਨ੍ਹਾਂ ਵਿੱਚ 100 ਤੋਂ ਵੱਧ ਔਰਤਾਂ ਸ਼ਾਮਲ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਨਾਭਾ ਜੇਲ੍ਹ ’ਚ 85, ਪਟਿਆਲਾ ’ਚ 66, ਸੰਗਰੂਰ ’ਚ 70, ਮਾਲੇਰਕੋਟਲਾ ’ਚ 35 ਅਤੇ ਬਠਿੰਡਾ ਜੇਲ੍ਹ ’ਚ 50 ਤੋਂ ਵੱਧ ਔਰਤਾਂ ਬੰਦ ਹਨ। ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਤ ਜ਼ਮੀਨ ’ਤੇ ਜਿਹੜਾ ਸਟੇਟਸ ਕੋ ਹੋਣ ਦੀ ਗੱਲ ਆਖੀ ਹੈ, ਉਹ ਜ਼ਮੀਨ ਦੇ ਸਿਰਫ ਕੁੱਝ ਹਿੱਸੇ ’ਤੇ ਸਟੇਟਸ ਕੋ ਹੈ ਅਤੇ ਸਾਰੀ ਜ਼ਮੀਨ ’ਤੇ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਐਕਸ਼ਨ ਨਾਲ ਭਗਵੰਤ ਮਾਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਬੇਪਰਦ ਹੋ ਗਿਆ ਹੈ।