ਬੇਗਮਪੁਰਾ ਦੀ ਉਸਾਰੀ ਲਈ ਮਜ਼ਦੂਰਾਂ ਦਾ ਪੱਕਾ ਮੋਰਚਾ ਅੱਜ
ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਮਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਗਰੂਰ ਨੇੜਲੇ ਬੀੜ ਐਸ਼ਵਨ ਦੀ 927 ਏਕੜ ਜ਼ਮੀਨ ਵਿੱਚ ਪਿੰਡ ਬੇਗਮਪੁਰਾ ਉਸਾਰਨ ਲਈ ਭਲਕੇ 20 ਮਈ ਨੂੰ ਪੰਜਾਬ ਭਰ ਦੇ ਮਜ਼ਦੂਰਾਂ, ਬੇਜ਼ਮੀਨੇ ਕਿਸਾਨਾਂ ਅਤੇ ਕਿਰਤੀ ਲੋਕਾਂ ਨੂੰ ਸੰਗਰੂਰ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹੀ ਪੰਜਾਬ ਪੁਲੀਸ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਹੋਰ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਦੇ ਘਰਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਨੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਅਨੇਕਾਂ ਆਗੂ ਰੂਪੋਸ਼ ਹੋ ਗਏ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ, ਮੀਤ ਪ੍ਰਧਾਨ ਧਰਮਵੀਰ ਸਿੰਘ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਸਾਂਝੇ ਬਿਆਨ ਵਿੱਚ ਦਾਅਵਾ ਕੀਤਾ ਕਿ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾਈ ਆਗੂ ਹੰਸ ਰਾਜ ਪੱਬਵਾਂ ਸਣੇ ਕਈ ਆਗੂਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਤੋਂ ਆਗੂਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸੰਘਰਸ਼ ਕਮੇਟੀ ਆਗੂਆਂ ਨੇ ਪੁਲੀਸ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹੇ ਭਰ ’ਚੋਂ 40 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਭਵਾਨੀਗੜ੍ਹ ਦੇ ਦਰਜਨ ਆਗੂ ਜੇਲ੍ਹ ਭੇਜੇ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇਥੇ ਪੁਲੀਸ ਨੇ ਇੱਕ ਦਰਜਨ ਮਜ਼ਦੂਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਨੇ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਰਾਮਪਾਲ ਸਿੰਘ ਬਾਲਦ ਕਲਾਂ, ਚਰਨਾਂ ਸਿੰਘ ਬਾਲਦ ਕਲਾਂ, ਭਿੰਦਾ ਸਿੰਘ ਬਲਦ ਕਲਾਂ, ਜੀਵਨ ਸਿੰਘ ਘਰਾਚੋਂ, ਕਾਲੂ ਸਿੰਘ ਘਰਾਚੋਂ, ਤਰਸੇਮ ਸਿੰਘ ਘਰਾਚੋਂ, ਸਤਨਾਮ ਸਿੰਘ ਫਤਿਹਗੜ੍ਹ ਭਾਦਸੋਂ, ਹਰਦੇਵ ਸਿੰਘ, ਸੁਖਵਿੰਦਰ ਸਿੰਘ ਬਟੜਿਆਣਾ, ਰਾਮਚੰਦ, ਬਲਵੀਰ ਸਿੰਘ, ਨਿਰਭੈ ਸਿੰਘ ਝਨੇੜੀ, ਕਰਨੈਲ ਸਿੰਘ ਜੌਲੀਆਂ ਆਦਿ ਨੂੰ ਹਿਰਾਸਤ ਵਿੱਚ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮਜ਼ਦੂਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਸ਼ੇਰਪੁਰ ਤੇ ਧੂਰੀ ’ਚੋਂ ਅੱਧੀ ਦਰਜਨ ਤੋਂ ਵੱਧ ਮਜ਼ਦੂਰ ਗ੍ਰਿਫ਼ਤਾਰ
ਸ਼ੇਰਪੁਰ (ਬੀਰਬਲ ਰਿਸ਼ੀ): ਬਲਾਕ ਸ਼ੇਰਪੁਰ ਦੇ ਪਿੰਡ ਖੇੜੀ ਕਲਾਂ ਅਤੇ ਕੁੰਭੜਵਾਲ ’ਚੋੋਂ ਸ਼ੇਰਪੁਰ ਪੁਲੀਸ ਨੇ ਛਾਪੇ ਮਾਰ ਕੇ ਅੱਧੀ ਦਰਜਨ ਦੇ ਕਰੀਬ ਮਜ਼ਦੂਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਮਜ਼ਦੂਰਾਂ ’ਚ ਗੁਰਪ੍ਰੀਤ ਸਿੰਘ ਖੇੜੀ, ਸਾਗਰ ਸਿੰਘ ਹੇੜੀਕੇ ਅਤੇ ਕਰਮਜੀਤ ਸਿੰਘ ਖੇੜੀ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਥਾਣਾ ਸਦਰ ਧੂਰੀ ਅਧੀਨ ਪੈਂਦੇ ਪਿੰਡ ਕੁੰਭੜਵਾਲ ਤੋਂ ਬਲਵੀਰ ਸਿੰਘ, ਮੀਤਾ ਸਿੰਘ, ਮੁਖਤਿਆਰ ਸਿੰਘ, ਬਲਵਿੰਦਰ ਸਿੰਘ, ਬਿਹਾਰਾ ਸਿੰਘ ਤੇ ਗੁਰਮੇਲ ਸਿੰਘ ਨੂੰ ਐੱਸਡੀਐੱਮ ਦਫ਼ਤਰ ਪੇਸ਼ੀ ਲਈ ਲਿਆਂਦਾ ਹੋਇਆ ਸੀ। ਥਾਣਾ ਸ਼ੇਰਪੁਰ ਦੇ ਮੁਖੀ ਗੁਰਪਾਲ ਸਿੰਘ ਨੇ ਆਪਣੇ ਥਾਣੇ ਦੇ ਅਧਿਕਾਰ ਖੇਤਰ ਵਾਲੇ ਪਿੰਡਾਂ ’ਚੋਂ ਤਿੰਨ ਮਜ਼ਦੂਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ ਜਦੋਂ ਕਿ ਪਿੰਡ ਕੁੰਭੜਵਾਲ ਤੋਂ ਹੋਈਆਂ ਗ੍ਰਿਫ਼ਤਾਰੀਆਂ ਦੀ ਸਬੰਧਤ ਚੌਕੀ ਇੰਚਾਰਜ ਰਣੀਕੇ ਨੇ ਪੁਸ਼ਟੀ ਕਰਨ ਤੋਂ ਅਸਮਰੱਥਾ ਜਤਾਈ। ਐੱਸਡੀਐੱਮ ਰਿਸ਼ਵ ਬਾਂਸਲ ਨੇ ਦੱਸਿਆ ਕਿ ਮਜ਼ਦੂਰ ਆਗੂ ਗੁਰਪ੍ਰੀਤ ਸਿੰਘ ਖੇੜੀ ਨੂੰ ਬਿਮਾਰੀ ਕਾਰਨ ਛੱਡ ਦਿੱਤਾ ਗਿਆ ਹੈ ਜਦੋਂ ਕਿ ਹੋਰ ਆਗੂਆਂ ਬਾਰੇ ਉਹ ਚੈੱਕ ਕਰਕੇ ਦੱਸਣਗੇ।