ਬੇਅਦਬੀ ਮਾਮਲਾ: ਸਰਕਾਰੀ ਭਰੋਸੇ ਉਪਰੰਤ ਧਰਨਾ ਸਮਾਪਤ
ਸੁਭਾਸ਼ ਚੰਦਰ
ਸਮਾਣਾ, 12 ਜੂਨ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਮਾਣਾ ਵਿਚ ਟਾਵਰ ਮੋਰਚਾ ਜਾਰੀ ਸੀ। ਪਟਿਆਲਾ-ਪਾਤੜਾਂ ਸੜਕ ’ਤੇ ਲਗਾਏ ਧਰਨੇ ਨੂੰ ਸਰਕਾਰੀ ਭਰੋਸੇ ਉਪਰੰਤ ਉਠਾ ਦਿੱਤਾ ਗਿਆ ਹੈ ਪਰ ਟਾਵਰ ਮੋਰਚਾ ਮੰਗ ਪੂਰੀ ਹੋਣ ਤੱਕ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਮੰਗ ਪ੍ਰਤੀ ਸਰਕਾਰ ਦੇ ਅਵੇਸਲੇਪਣ ਕਾਰਨ ਮੋਰਚੇ ਦੇ ਸੰਚਾਲਕਾਂ ਨੇ ਸਖ਼ਤ ਕਦਮ ਉਠਾਉਂਦਿਆਂ ਪਟਿਆਲਾ-ਪਾਤੜਾਂ ਸੜਕ ’ਤੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ ਸੀ। ਇਹ ਧਰਨਾ ਸਾਰੀ ਰਾਤ ਵੀ ਜਾਰੀ ਰਿਹਾ। ਦੁਪਹਿਰ ਸਮੇਂ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਈਸ਼ਾ ਸਿੰਘਲ, ਪੁਲੀਸ ਕਪਤਾਨ (ਵਿਸ਼ੇਸ਼) ਪਟਿਆਲਾ ਜਸਵਿੰਦਰ ਸਿੰਘ ਟਿਵਾਣਾ, ਪੁਲੀਸ ਕਪਤਾਨ ਪਟਿਆਲਾ ਵੈਭਵ ਚੌਧਰੀ ਅਤੇ ਉਪ-ਪੁਲੀਸ ਕਪਤਾਨ ਸਮਾਣਾ ਫ਼ਤਹਿ ਸਿੰਘ ਬਰਾੜ ਨੇ ਮੋਰਚੇ ਦੇ ਸੰਯੋਜਕ ਭਾਈ ਗੁਰਪ੍ਰੀਤ ਸਿੰਘ ਨੂੰ ਦੱਸਿਆ ਕਿ ਬੇਅਦਬੀ ਸਬੰਧੀ ਸਖ਼ਤ ਕਾਨੂੰਨ ਬਣਾਉਣ ਦਾ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਹੈ। ਉਨ੍ਹਾਂ ਦੀ ਵਧੀਕ ਮੁੱਖ ਸਕੱਤਰ ਪੰਜਾਬ ਨਾਲ ਗੱਲਬਾਤ 16 ਜੂਨ ਨੂੰ ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਸੜਕ ਤੋਂ ਧਰਨਾ ਚੁੱਕਣ ਦੀ ਅਪੀਲ ਕੀਤੀ। ਮੋਰਚੇ ਦੇ ਆਗੂਆਂ ਨੇ ਗੱਲਬਾਤ ਲਈ ਲਿਖਤੀ ਭੋਰਸੇ ਦੀ ਮੰਗ ਕੀਤੀ। ਕੁਝ ਸਮੇਂ ਬਾਅਦ ਡਿਊਟੀ ਮੈਜਿਸਟਰੇਟ-ਕਮ-ਐਕਸੀਅਨ ਕੰਵਰਦੀਪ ਸਿੰਘ ਅਤੇ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਸਰਕਾਰ ਵਲੋਂ ਗੱਲਬਾਤ ਦਾ ਲਿਖਤੀ ਸੱਦਾ ਪੱਤਰ ਮੋਰਚੇ ਦੇ ਆਗੂਆਂ ਨੂੰ ਦਿੱਤਾ। ਇਸ ਉਪਰੰਤ ਸੰਗਤਾਂ ਨੇ ਸਲਾਹ ਮਸ਼ਵਰਾ ਕਰਕੇ ਸੜਕ ਤੋਂ ਧਰਨਾ ਉਠਾ ਦਿੱਤਾ। ਭਾਈ ਗੁਰਪ੍ਰੀਤ ਸਿੰਘ ਅਤੇ ਤਲਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਟਾਵਰ ਮੋਰਚਾ ਮੰਗ ਮੰਨੇ ਜਾਣ ਤੱਕ ਜਾਰੀ ਰਹੇਗਾ।