ਬੁੱਧ ਵਿਹਾਰ ਖੇਤਰ ’ਚ ਨਾਜਾਇਜ਼ ਕਬਜ਼ੇ ਹਟਾਏ
04:49 AM Jun 05, 2025 IST
ਪੱਤਰ ਪ੍ਰੇਰਕ
ਫ਼ਰੀਦਾਬਾਦ, 4 ਜੂਨ
ਫ਼ਰੀਦਾਬਾਦ ਨਗਰ ਨਿਗਮ ਨੇ ਬੜਖਲ੍ਹ ਪੁਲ ਨੇੜੇ 30 ਸਾਲ ਪੁਰਾਣੇ ਬੁੱਧ ਵਿਹਾਰ ਵਿੱਚ ਨਾਲੇ ਦੇ ਨੇੜੇ ਜੇਸੀਬੀ ਦਾ ਪੀਲਾ ਪੰਜਾ ਚਲਾਇਆ ਅਤੇ ਗ਼ੈਰ ਕਾਨੂੰਨੀ ਕਬਜ਼ੇ ਹਟਾਏ। ਇਸ ਦੌਰਾਨ ਲੋਕਾਂ ਨੇ ਵਿਰੋਧ ਵੀ ਕੀਤਾ ਪਰ ਪੁਲੀਸ ਨੇ ਲੋਕਾਂ ਨੂੰ ਸਮਝਾਇਆ, ਜਿਸ ਤੋਂ ਬਾਅਦ ਲੋਕ ਸ਼ਾਂਤ ਹੋ ਗਏ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਲੋਕਾਂ ਨੂੰ ਬਰਸਾਤ ਦੇ ਮੌਸਮ ਵਿੱਚ ਹੜ੍ਹ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਪਹਿਲਾਂ ਨਾਲੇ ਦੇ ਉੱਪਰ ਬਣੇ ਘਰਾਂ ਨੂੰ ਹਟਾ ਰਿਹਾ ਹੈ। ਜਾਣਕਾਰੀ ਅਨੁਸਾਰ ਪਹਿਲਾਂ ਬੜਖਲ੍ਹ ਪੁਲ ਨੇੜੇ ਬਣਾਏ 70 ਘਰ ਢਾਹੇ ਗਏ ਸਨ ਤੇ ਅੱਜ ਲਗਪਗ 40 ਘਰ ਢਾਹ ਦਿੱਤੇ ਗਏ ਹਨ। ਇਹ ਨਾਲਾ ਸੈਕਟਰ-21 ਏ ਵਿੱਚੋਂ ਹੋ ਕੇ ਬੜਖਲ੍ਹ ਪੁਲ ਦੇ ਹੇਠਾਂ ਤੋਂ ਲੰਘਦਾ ਹੈ। ਨਗਰ ਨਿਗਮ ਦੇ ਐੱਸਡੀਓ ਸੁਰੇਂਦਰ ਹੁੱਡਾ ਨੇ ਦੱਸਿਆ ਕਿ ਫਲਾਈਓਵਰ ਦੇ ਹੇਠਾਂ ਨਾਲੇ ’ਤੇ ਬਣੇ 40 ਘਰ ਢਾਹ ਦਿੱਤੇ ਗਏ ਹਨ।
Advertisement
Advertisement