ਬੁੱਢਾ ਦਲ ਨੇ ਗੁਰਦੁਆਰਾ ਜੋੜ ਖੂਹੀਆਂ ’ਚ ਸ਼ਹੀਦੀ ਜੋੜ ਮੇਲਾ ਮਨਾਇਆ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 2 ਜਨਵਰੀ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਛਾਉਣੀ ਖੱਡ ਰਾਜਗਿਰੀ ਗੁਰਦੁਆਰਾ ਜੋੜ ਖੂਹੀਆਂ ਵਿਖੇ ਅਮਰ ਸ਼ਹੀਦ ਬਾਬਾ ਅਮਰ ਸਿੰਘ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਬੁੱਢਾ ਦਲ ਵੱਲੋਂ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿੱਚ ਰਾਗੀ, ਢਾਡੀ, ਕਵੀਸ਼ਰ ਅਤੇ ਪ੍ਰਚਾਰਕਾਂ ਨੇ ਸਿੱਖ ਇਤਿਹਾਸ ਅਤੇ ਗੁਰਮਤਿ ਦੀ ਸਾਂਝ ਸੰਗਤ ਨਾਲ ਪਾਈ। ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਆਪਣੇ ਸੰਬੋਧਨ ’ਚ ਕਿਹਾ ਇਸ ਇਤਿਹਾਸਿਕ ਅਸਥਾਨ ਵਿਖੇ ਬਾਬਾ ਲਾਡਾ ਸਿੰਘ ਨਿਹੰਗ ਅਤੇ ਬਾਬਾ ਅਮਨਦੀਪ ਸਿੰਘ ਅਬਿਆਨਾ ਸੇਵਾ ਨਿਭਾ ਰਹੇ ਹਨ।
ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ ਅੱਜ ਉਨ੍ਹਾਂ ਨੂੰ ਗੁਰਦੁਆਰਾ ਦਰਬਾਰ ਲਈ ਦਿਲ ਖੋਲ੍ਹ ਕੇ ਰਾਸ਼ੀ ਸੌਂਪੀ ਗਈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ, ਪ੍ਰਾਂਤਾਂ, ਜ਼ਿਲ੍ਹਿਆਂ ਅਤੇ ਦੇਸ਼ਾਂ ਵਿੱਚ ਬੁੱਢਾ ਦਲ ਦੀਆਂ ਪੰਜ ਸੌ ਤੋਂ ਵੱਧ ਛਾਉਣੀਆਂ ਹਨ। ਇਸ ਅਸਥਾਨ ’ਤੇ ਚਾਰ ਕਮਰੇ ਇਸ਼ਨਾਨ ਘਰ, ਬਾਥਰੂਮ, ਦਰਬਾਰ ਹਾਲ ਦੇ ਗੁਬੰਦ ਦਾ ਕੰਮ ਚੱਲ ਰਿਹਾ ਹੈ ਜੋ ਜਲਦ ਮਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੁੱਢਾ ਦਲ ਵੱਲੋਂ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਕੁਲਵੰਤ ਸਿੰਘ ਨੂੰ ਬੁੱਢਾ ਦਲ ਵੱਲੋਂ ਵਿਸ਼ੇਸ਼ ਐਵਾਰਡ ਤੇ ਸੋਨ ਤਗ਼ਮੇ ਨਾਲ ਸਨਮਾਨਿਆ ਜਾਵੇਗਾ। ਇਸ ਮੌਕੇ ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਮਲੂਕ ਸਿੰਘ ਲਾਡੀ ਆਨੰਦਪੁਰ ਸਾਹਿਬ, ਬਾਬਾ ਗੁਰਮੁੱਖ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਲਛਮਣ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਜਸਬੀਰ ਸਿੰਘ ਨਿਹੰਗ ਅਤੇ ਬਾਬਾ ਹਿੰਮਤ ਸਿੰਘ ਹਾਜ਼ਰ ਸਨ।