ਬੁੱਢਾ ਦਰਿਆ: ਪੁਲ ਹੇਠੋਂ ਗੰਦਗੀ ਦੇ 30 ਤੋਂ ਵੱਧ ਟਿੱਪਰ ਕੱਢੇ
ਗਗਨਦੀਪ ਅਰੋੜਾ
ਲੁਧਿਆਣਾ, 22 ਮਈ
ਬੁੱਢੇ ਦਰਿਆ ਦੀ ਸਫ਼ਾਈ ਲਈ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਫ਼ੀ ਲੰਬੇ ਸਮੇਂ ਤੋਂ ਕਾਰ ਸੇਵਾ ਚਲਾਈ ਜਾ ਰਹੀ ਹੈ। ਨੈਸ਼ਨਲ ਹਾਈਵੇਅ ਨੰਬਰ 44 ਦੇ ਹੇਠੋਂ ਲੰਘਦੇ ਬੁੱਢੇ ਦਰਿਆ ਦੇ ਪੁਲਾਂ ਵਿੱਚੋਂ ਕੱਢੀ ਜਾ ਰਹੀ ਗੰਦਗੀ ਦੇ ਲੱਗੇ ਅੰਬਾਰ ਦੱਸਦੇ ਹਨ ਕਿ ਇਨ੍ਹਾਂ ਪੁਲਾਂ ਹੇਠੋਂ ਦਹਾਕਿਆਂ ਤੋਂ ਗੰਦਗੀ ਨਹੀਂ ਕੱਢੀ ਗਈ। ਨੈਸ਼ਨਲ ਹਾਈਵੇਅ ਦੇ ਨਾਲ-ਨਾਲ ਜਾਂਦੀ ਸਰਵਿਸ ਲੇਨ ’ਤੇ ਬਣੇ ਦੋ ਪੁਲਾਂ ਹੇਠੋਂ ਪਿਛਲੇ ਪੰਜਾਂ ਦਿਨਾਂ ਤੋਂ ਐਕਸਾਵੇਟਰ ਮਸ਼ੀਨਾਂ ਗੰਦਗੀ ਕੱਢਣ ਲੱਗੀਆਂ ਹੋਈਆਂ ਹਨ। ਦਿਨ ਰਾਤ ਚੱਲਣ ਵਾਲੀਆਂ ਇੰਨ੍ਹਾਂ ਮਸ਼ੀਨਾਂ ਰਾਹੀ ਹੁਣ ਤੱਕ ਗੰਦਗੀ ਦੇ 30 ਤੋਂ ਵੱਧ ਟਿੱਪਰ ਕੱਢੇ ਜਾ ਚੁੱਕੇ ਹਨ। ਏਨੀ ਹੀ ਹੋਰ ਗੰਦਗੀ ਬਾਹਰ ਕੱਢਕੇ ਰੱਖੀ ਹੋਈ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਉਨ੍ਹਾਂ ਪੁਲਾਂ ਹੇਠਾਂ ਲੈ ਕੇ ਗਏ ਜਿੱਥੋਂ ਪੰਜ ਦਿਨਾਂ ਤੋਂ ਲਗਾਤਾਰ ਗੰਦਗੀ ਕੱਢੀ ਜਾ ਰਹੀ ਹੈ। ਨੈਸ਼ਨਲ ਹਾਈਵੇਅ ’ਤੇ ਸਾਲ 2012 ਵਿੱਚ ਪੁਲਾਂ ਦਾ ਨਿਰਮਾਣ ਹੋ ਗਿਆ ਸੀ। ਸੰਤ ਸੀਚੇਵਾਲ ਨੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨੂੰ ਪੁੱਛਿਆ ਕਿ ਪੁਲ ਬਣਿਆਂ ਨੂੰ 13 ਸਾਲ ਬੀਤ ਗਏ ਹਨ ਤਾਂ ਇੱਥੋਂ ਮਲਬਾ ਕਿਉਂ ਨਹੀਂ ਕੱਢਿਆ ਗਿਆ? ਸੰਤ ਸੀਚੇਵਾਲ ਵੱਲੋਂ ਲੋਕਾਂ ਦੇ ਪੁੱਛੇ ਸਵਾਲਾਂ ਦਾ ਵੀ ਅਥਾਰਟੀ ਦੇ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਸੀ ਆਇਆ। ਪੁਲਾਂ ਹੇਠੋਂ ਗੰਦਗੀ ਕੱਢਣ ਸਮੇਂ ਜੁੜਦੀ ਲੋਕਾਂ ਦੀ ਭੀੜ ਦੇ ਨਿਸ਼ਾਨੇ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੀ ਰਹਿੰਦਾ ਹੈ। ਆਮ ਆਦਮੀ ਦਾ ਕਹਿਣਾ ਹੈ ਕਿ ਜੇ ਬੋਰਡ ਦੇ ਅਧਿਕਾਰੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਠੀਕ ਢੰਗ ਨਾਲ ਨਿਭਾਈਆਂ ਹੁੰਦੀਆਂ ਤਾਂ ਪੰਜਾਬ ਦਾ ਬੁੱਢਾ ਦਰਿਆ ਕਦੇ ਵੀ ਪਲੀਤ ਨਹੀਂ ਹੋਣਾ ਸੀ। ਲੋਕਾਂ ਦਾ ਮੰਨਣਾ ਹੈ ਕਿ ਜਿਹੜੀਆਂ ਫੈਕਟਰੀਆਂ ਬੁੱਢੇ ਦਰਿਆ ਵਿੱਚ ਦੂਸ਼ਿਤ ਤੇ ਜ਼ਹਿਰੀਲਾ ਪਾਣੀ ਪਾ ਰਹੀਆਂ ਹਨ, ਉਨ੍ਹਾਂ ਵਿਰੁੱਧ ਕਾਰਵਾਈ ਦੀ ਸਿਫਾਰਸ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਹੀ ਨਿਭਾਉਣੀ ਸੀ, ਜਿਸ ਵਿੱਚ ਉਹ ਬੁਰੀ ਤਰ੍ਹਾਂ ਨਾਲ ਫੇਲ੍ਹ ਰਹੇ ਹਨ। ਲੋਕ ਇਸ ਗੱਲ ਤੋਂ ਖੁਸ਼ੀ ਮਹਿਸੂਸ ਕਰ ਰਹੇ ਹਨ ਉਨ੍ਹਾਂ ਦਾ ਸ਼ਹਿਰ ਲੁਧਿਆਣਾ ਸਾਫ ਹੋਣ ਦੀ ਲੀਹ ’ਤੇ ਪੈ ਗਿਆ ਹੈ। ਉੱਧਰ, ਪੁਲਾਂ ਹੇਠੋਂ ਗੰਦਗੀ ਕੱਢਣ ਲਈ ਲੱਗੀਆਂ ਤਿੰਨ ਐਕਸਾਵੇਟਰਾਂ ਲਗਾਤਾਰ ਕੰਮ ਕਰ ਰਹੀਆਂ ਹਨ। ਸੰਤ ਸੀਚੇਵਾਲ ਆਪ ਵੀ ਚਾਰ-ਚਾਰ ਘੰਟੇ ਲਗਾਤਾਰ ਐਕਸਾਵੇਟਰ ਚਲਾਉਂਦੇ ਰਹਿੰਦੇ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੀਵਰੇਜ ਬੋਰਡ, ਨਗਰ ਨਿਗਮ, ਪੀਪੀਸੀਬੀ, ਭੋਇੰ ਵਿਕਾਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਤਾਕੀਦ ਕੀਤੀ ਕਿ ਬੁੱਢੇ ਦਰਿਆ ਦੀ ਸਫ਼ਾਈ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ।