ਬੁਢਲਾਡਾ ਨਗਰ ਕੌਂਸਲ ਦਾ ਪ੍ਰਧਾਨ, ਤਿੰਨ ਕੌਂਸਲਰਾਂ ਸਣੇ ਭਾਜਪਾ ਵਿੱਚ ਸ਼ਾਮਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਮਈ
ਅੱਜ ‘ਆਪ’ ਦੇ ਨਗਰ ਕੌਂਸਲ ਬੁਢਲਾਡਾ ਤੋਂ ਪ੍ਰਧਾਨ ਸੁਖਪਾਲ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ। ਇਸ ਦੇ ਨਾਲ ਹੀ ਆਜ਼ਾਦ ਕੌਂਸਲਰ ਸਰੀਤਾ ਦੇਵੀ, ਕੌਂਸਲਰ ਸੁਖਪਾਲ ਕੌਰ ਅਤੇ ਕੌਂਸਲਰ ਅਮਨਦੀਪ ਕੌਰ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਸਾਰਿਆਂ ਨੂੰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਅਤੇ ਬੁਢਲਾਡਾ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਚੰਡੀਗੜ੍ਹ ਵਿੱਚ ਪਾਰਟੀ ਦਫ਼ਤਰ ਵਿੱਚ ਭਾਜਪਾ ਵਿੱਚ ਸ਼ਾਮਲ ਕਰਵਾਇਆ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰਕੇ ਹਰ ਵਰਗ ਸਰਕਾਰ ਤੋਂ ਨਾਰਾਜ਼ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਭਾਜਪਾ ਵੱਲ ਨਵੀਂ ਉਮੀਦ ਨਾਲ ਦੇਖ ਰਹੇ ਹਨ। ਇਸੇ ਕਰਕੇ ਰੋਜ਼ਾਨਾ ਭਾਜਪਾ ਨਾਲ ਵੱਡੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ। ਇਸ ਮੌਕੇ ਭਾਜਪਾ ਮੀਡੀਆ ਸੈੱਲ ਇੰਚਾਰਜ ਵਿਨੀਤ ਜੋਸ਼ੀ, ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਸਾਬਕਾ ਜ਼ਿਲ੍ਹਾ ਪ੍ਰਧਾਨ ਸਤੀਸ਼ ਗੋਇਲ ਤੇ ਖੁਸ਼ਦੀਪ ਸ਼ਰਮਾ ਵੀ ਹਾਜ਼ਰ ਸਨ। ਇਸੇ ਦੌਰਾਨ ਪੰਜਾਬ ਭਾਜਪਾ ਨੇ ਅੱਜ ਪਾਕਿਸਤਾਨ ਵੱਲੋਂ ਪੁਣਛ ਜ਼ਿਲ੍ਹੇ ਵਿੱਚ ਗੁਰਦੁਆਰੇ ਵਿੱਚ ਮਾਰੇ ਗਏ ਰਾਗੀ ਭਾਈ ਅਮਰੀਕ ਸਿੰਘ ਰਾਗੀ, ਸਾਬਕਾ ਫੌਜੀ ਅਮਰਜੀਤ ਸਿੰਘ, ਦੁਕਾਨਦਾਰ ਰਣਜੀਤ ਸਿੰਘ ਅਤੇ ਮਹਿਲਾ ਰੂਬੀ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਜਪਾ ਦੇ ਕੌਮੀ ਕਾਰਜਕਾਰੀ ਮੈਂਬਰ ਹਰਜੀਤ ਸਿੰਘ ਗਰੇਵਾਲ ਤੇ ਗੁਰਮੀਤ ਸਿੰਘ ਰਾਣਾ ਸੋਢੀ, ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ, ਸੂਬਾ ਮੀਤ ਪ੍ਰਧਾਨ ਬਿਕਰਮ ਸਿੰਘ ਚੀਮਾ ਤੇ ਫਤਿਹਜੰਗ ਸਿੰਘ ਬਾਜਵਾ, ਨੇ ਪਾਕਿਸਤਾਨ ਦੇ ਇਸ ਕਾਇਰਤਾਪੂਰਨ ਹਮਲੇ ਦੀ ਨਿੰਦਾ ਕੀਤੀ।