ਬੀਬੀ ਮੁਮਤਾਜ਼ ਦੇ ਅਸਥਾਨ ਦੀ ਕਾਰ ਸੇਵਾ ਜਲਦੀ: ਨਿਹੰਗ ਮੁਖੀ
ਜਗਮੋਹਨ ਸਿੰਘ
ਰੂਪਨਗਰ, 22 ਦਸੰਬਰ
ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਸ਼ਰਧਾਲੂ ਨਿਹੰਗ ਖਾਂ ਦੀ ਸਪੁੱਤਰੀ ਬੀਬੀ ਮੁਮਤਾਜ਼ ਦੇ ਇਤਿਹਾਸਿਕ ਕਮਰੇ ਦੀ ਦਿੱਖ ਨੂੰ ਕਾਇਮ ਰੱਖਦਿਆਂ ਨਿਹੰਗ ਖਾਂ ਦੇ ਪੁਰਾਤਨ ਕਿਲ੍ਹੇ ਦੀ ਜਲਦੀ ਹੀ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ ਦੇ ਸਹਿਯੋਗ ਨਾਲ ਕਾਰ ਸੇਵਾ ਸ਼ੁਰੂ ਕੀਤੀ ਜਾਵੇਗੀ।
ਇਹ ਗੱਲ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਕੋਟਲਾ ਨਿਹੰਗ ਵਿਖੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਸੰਤ ਅਵਤਾਰ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਛੜਨ ਦੀ ਯਾਦ ਨੂੰ ਤਾਜ਼ਾ ਕਰਨ ਲਈ ਤਿੰਨ ਵੱਖ ਵੱਖ ਦਿਸ਼ਾਵਾਂ ਵਿੱਚ ਕੱਢੇ ਗਏ ਸਫ਼ਰ-ਏ-ਸ਼ਹਾਦਤ ਮਾਰਚਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਤ ਵੱਲੋਂ ਸਿੱਖ ਕੌਮ ਨੂੰ ਸੇਧ ਦੇਣ ਲਈ ਜੋ ਉਪਰਾਲਾ ਕੀਤਾ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ ਅਤੇ ਅਗਲੇ ਵਰ੍ਹੇ ਤੋਂ ਉਨ੍ਹਾਂ ਦੀ ਜਥੇਬੰਦੀ ਵੀ ਸੰਤਾਂ ਦਾ ਸਹਿਯੋਗ ਕਰੇਗੀ। ਉਨ੍ਹਾਂ ਇਤਿਹਾਸਿਕ ਕਿਲ੍ਹਾ ਨਿਹੰਗ ਖਾਂ ਵਿਖੇ ਪਹਿਲੀ ਵਾਰ ਪੁੱਜੇ ਘੋੜ ਸਵਾਰ ਸਫ਼ਰ ਏ ਸ਼ਹਾਦਤ ਮਾਰਚ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ, ਭਾਈ ਸਤਨਾਮ ਸਿੰਘ ਕਥਾਵਾਚਕ ਤਖ਼ਤ ਸ੍ਰੀ ਪਟਨਾ ਸਾਹਿਬ, ਬਾਬਾ ਗੁਰਪ੍ਰੀਤ ਸਿੰਘ ਸੇਵਾਦਾਰ ਮੁਮਤਾਜਗੜ ਸਾਹਿਬ ਪਿੰਡ ਬੜੀ, ਸਰਬਜੀਤ ਸਿੰਘ ਡੀਸੀ ਸੇਵਾਦਾਰ ਮੁਗਲਮਾਜਰੀ, ਬਲਦੇਵ ਸਿੰਘ ਸੇਵਾਦਾਰ ਕਿਲ੍ਹਾ ਨਿਹੰਗ ਖਾਂ ਰੂਪਨਗਰ, ਗੁਰਦੀਪ ਸਿੰਘ ਪ੍ਰਧਾਨ ਖ਼ਾਲਸਾ ਪ੍ਰਚਾਰ ਕਮੇਟੀ ਰੂਪਨਗਰ, ਸੁਖਵਿੰਦਰ ਸਿੰਘ ਗਿੱਲ ਪ੍ਰਧਾਨ ਘਾੜਾ ਕਲੱਬ, ਚਰਨਜੀਤ ਸਿੰਘ ਰਿੰਕੂ ਸਰਸਾ ਨੰਗਲ, ਹਰਭਜਨ ਸਿੰਘ ਸਾਬਕਾ ਸਰਪੰਚ ਕੋਟ ਬਾਲਾ ਤੇ ਕਾਕਾ ਸਿੰਘ ਸਾਬਕਾ ਸਰਪੰਚ ਰਾਵਲਮਾਜਰਾ ਹਾਜ਼ਰ ਸਨ।