ਬੀਕੇਯੂ ਰਾਜੇਵਾਲ ਦੇ ਨੁਮਾਇੰਦਿਆਂ ਨੇ ਦੁਕਾਨਦਾਰਾਂ ਨੂੰ ਕੀਤਾ ਜਾਗਰੂਕ
ਪੱਤਰ ਪ੍ਰੇਰਕ
ਪਾਇਲ, 6 ਜੂਨ
ਇੱਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਦੀ ਅਗਵਾਈ ਹੇਠ ਜਥੇਬੰਦੀ ਦੇ ਨੁਮਾਇੰਦਿਆਂ ਨੇ ਪਾਇਲ ਤੇ ਦੋਰਾਹਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਲਈ ਪੇਪਰ ਵੰਡੇ। ਉਨ੍ਹਾਂ ਕਿਹਾ ਕਿ ਕੁੱਝ ਗਿਣਤੀ ਦੇ ਵੱਡੇ ਘਰਾਣੇ ਸਭ ਕੁੱਝ ਆਪਣੀ ਮੁੱਠੀ ਵਿੱਚ ਕਰਨ ਲਈ ਸਰਕਾਰਾਂ ’ਤੇ ਦਬਾਅ ਬਣਾ ਰਹੇ ਹਨ ਜਿਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਕੋਟ ਪਨੈਚ ਨੇ ਕਿਹਾ ਕਿ ਸਰਕਾਰਾਂ ਵੱਡੇ ਘਰਾਣਿਆਂ ਦੀਆਂ ਗੁਲਾਮ ਹਨ, ਉਹ ਘਰਾਣੇ ਇੰਨ੍ਹਾਂ ਨੂੰ ਚੋਣ ਫੰਡ ਵਜੋਂ ਬੁਰਕੀ ਪਾ ਕੇ, ਇਨ੍ਹਾਂ ਨੂੰ ਮੰਦਾਰੀ ਵਾਂਗ ਨਚਾ ਰਹੇ ਹਨ ਪਰ ਪੰਜਾਬ ਦਾ ਕਿਸਾਨ ਮਜ਼ਦੂਰ ਮਿਹਨਤਕਸ਼ ਵਰਗ ਸਾਰੇ ਭਾਈਚਾਰਿਆਂ ਦੀ ਸੁਰੱਖਿਆ ਲਈ ਜ਼ਬਰਦਸਤ ਕੰਧ ਬਣ ਕੇ ਕਾਰਪੋਰੇਟ ਘਰਾਣਿਆਂ ਦੀਆਂ ਸਰਕਾਰਾਂ ਤੇ ਆਮ ਲੋਕਾਂ ਦੇ ਦਰਮਿਆਨ ਹਿੱਕ ਡਾਹ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਸ਼ਹਿਰਾਂ ਚ ਸ਼ਹਿਰੀ ਭਾਈਚਾਰੇ ਨੂੰ ਸਰਕਾਰ ਦੀਆਂ ਨੀਤੀਆਂ ਤੇ ਨੀਅਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕ ਲਹਿਰ ਉਸਾਰ ਕੇ ਧਾੜਵੀਆਂ ਦੇ ਮੂੰਹ ਮੋੜੇ ਜਾ ਸਕਣ। ਇਸ ਮੌਕੇ ਇਲਾਵਾ ਸਾਬਕਾ ਇੰਜਨੀਅਰ ਧੰਨਰਾਜ ਸਿੰਘ ਕੋਟ ਪਨੈਚ, ਦੋਰਾਹਾ ਬਲਾਕ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਧਮੋਟ ਕਲਾਂ, ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਸਿਹੋੜਾ, ਜਰਨਲ ਸਕੱਤਰ ਗੁਰਦੀਪ ਸਿੰਘ ਸਿਹੋੜਾ, ਮੀਤ ਪ੍ਰਧਾਨ ਬਲਜਿੰਦਰ ਸਿੰਘ ਭੋਲਾ ਰਾਏਪੁਰ ਰਾਜਪੂਤਾਂ, ਸਕੱਤਰ ਗੁਰਸੇਵਕ ਸਿੰਘ ਰੁਪਾਲੋਂ, ਪ੍ਰਚਾਰ ਸਕੱਤਰ ਜੱਗਾ ਸਿੰਘ ਬਰਮਾਲੀਪੁਰ, ਕੁਲਵੀਰ ਸਿੰਘ ਗਿੱਲ ਧਮੋਟ ਕਲਾਂ ਵੀ ਹਾਜ਼ਰ ਸਨ।