ਬੀਕੇਯੂ ਏਕਤਾ ਆਜ਼ਾਦ ਵੱਲੋਂ ਬੈਂਕ ਅੱਗੇ ਧਰਨਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 7 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵੱਲੋਂ ਬਲਾਕ ਆਗੂ ਮਨਦੀਪ ਸਿੰਘ ਬੂਥਗੜ੍ਹ ਦੀ ਅਗਵਾਈ ਹੇਠ ਪੰਜਾਬ ਨੈਸ਼ਨਲ ਬੈਂਕ ਪਾਤੜਾਂ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਇਕੱਠੇ ਹੋਏ ਕਿਸਾਨਾਂ ਨੇ ਬੈਂਕ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਹੋਏ ਫ਼ੈਸਲੇ ਅਨੁਸਾਰ ਬੈਂਕ ਦੇ ਮੈਨੇਜਰ ਨੇ ਮਾਮਲੇ ਦੇ ਹੱਲ ਲਈ ਦੋ ਦਿਨ ਦਾ ਸਮਾਂ ਲਿਆ ਹੈ। ਜਥੇਬੰਦੀ ਦੇ ਸੂਬਾਈ ਆਗੂ ਮਨਜੀਤ ਸਿੰਘ ਨਿਆਲ ਤੇ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ ਨੇ ਦੱਸਿਆ ਕਿ ਅਮਨਦੀਪ ਸਿੰਘ ਪਿੰਡ ਰਾਜਲਹੇੜੀ ਦੇ ਕਿਸਾਨ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ 18 ਸਤੰਬਰ 2023 ਨੂੰ ਛੇ ਲੱਖ ਰੁਪਏ ਦੀ ਐਫਡੀ ਕਰਵਾਈ ਸੀ। ਮਿਆਦ ਪੂਰੀ ਹੋਣ ’ਤੇ ਬੈਂਕ ਕਰਮਚਾਰੀ ਨੇ ਆਖਿਆ ਐਫ਼ਡੀ ਉਪਰ ਪੰਜ ਲੱਖ ਰੁਪਏ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ, ਜਦੋਂ ਕਿ ਉਸ ਨੇ ਐਫ਼ਡੀ ਉਪਰ ਕਰਜ਼ਾ ਨਹੀਂ ਲਿਆ। ਆਗੂਆਂ ਨੇ ਕਿਹਾ ਕਿ ਮਾਮਲੇ ਦੇ ਸਬੰਧੀ ਪਹਿਲਾਂ ਵੀ ਕਈ ਵਾਰ ਬੈਂਕ ਦੇ ਅਧਿਕਾਰੀਆਂ ਤੇ ਮੈਨੇਜਰ ਨਾਲ ਮੀਟਿੰਗਾਂ ਕੀਤੀਆਂ ਗਈਆਂ ਪਰ ਕੋਈ ਹੱਲ ਨਹੀਂ ਨਿਕਲਿਆ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨ ਅਮਨਦੀਪ ਸਿੰਘ ਨੂੰ ਦੋ ਦਿਨਾਂ ਦੇ ’ਚ ਇਨਸਾਫ਼ ਨਾ ਮਿਲਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਘੱਗਾ, ਗੁਰਜੰਟ ਸਿੰਘ ਸਧਾਰਨਪੁਰ, ਬਿੱਕਰ ਸਿੰਘ ਬੂਰੜ, ਜ਼ਿਲ੍ਹਾ ਆਗੂ ਸੁਖਦੇਵ ਸ਼ਰਮਾ, ਕੁਲਦੀਪ ਸਿੰਘ ਬਰਾਸ, ਅਮਨ ਮੰਡਵੀ ਤੇ ਸੁੱਖਾ ਸਿੰਘ ਦਫ਼ਤਰੀ ਵਾਲਾ ਆਦਿ ਹਾਜ਼ਰ ਸਨ।