ਬੀਐੱਸਐੱਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਪੁਲੀਸ ਹਵਾਲੇ
05:42 AM May 31, 2025 IST
ਪੱਤਰ ਪ੍ਰੇਰਕ
ਪਠਾਨਕੋਟ, 30 ਮਈ
ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਸਿੰਬਲ ਸਕੋਲ ਪਿੰਡ ਕੋਲ ਘੁੰਮਦਾ ਘੁਸਪੈਠੀਆ ਬੀਐੱਸਐੱਫ ਜਵਾਨਾਂ ਨੇ ਕਾਬੂ ਕੀਤਾ ਹੈ। ਇਹ ਘਟਨਾ ਲੰਘੀ ਦੇਰ ਰਾਤ ਦੀ ਹੈ। ਬੀਐੱਸਐੱਫ ਨੇ ਘੁਸਪੈਠੀਏ ਦਾ ਮੈਡੀਕਲ ਕਰਵਾ ਕੇ ਨਰੋਟ ਜੈਮਲ ਸਿੰਘ ਪੁਲੀਸ ਹਵਾਲੇ ਕਰ ਦਿੱਤਾ ਹੈ ਜਿੱਥੇ ਪੁਲੀਸ ਵੱਲੋਂ ਘੁਸਪੈਠੀਏ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੜੇ ਗਏ ਪਾਕਿਸਤਾਨੀ ਨੌਜਵਾਨ ਦੀ ਪਛਾਣ ਜੱਬਰ (24) ਪੁੱਤਰ ਖਾਦਿਰ ਵਾਸੀ ਜੇਹਲਮ, ਪਾਕਿਸਤਾਨੀ ਪੰਜਾਬ ਵਜੋਂ ਹੋਈ ਹੈ। ਪੁਲੀਸ ਨੇ ਉਸ ਖ਼ਿਲਾਫ਼ ਇੰਡੀਅਨ ਪਾਸਪੋਰਟ ਐਂਡ ਫਾਰਨਰ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਘੁਸਪੈਠੀਏ ਕੋਲੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਬਮਿਆਲ ਪੁਲੀਸ ਦੇ ਚੌਕੀ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਅੱਜ ਸ਼ਾਮ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਇਸ ਦਾ 4 ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਹੈ।
Advertisement
Advertisement