ਬੀਐੱਸਐੱਫ ਦੀ ਟੀਮ ਯੂਐੱਨ ਸ਼ਾਂਤੀ ਮਿਸ਼ਨ ਲਈ ਕਾਂਗੋ ਰਵਾਨਾ
ਨਵੀਂ ਦਿੱਲੀ, 2 ਜੂਨ
ਹਥਿਆਰਬੰਦ ਸੰਘਰਸ਼ ਅਤੇ ਵੱਡੇ ਪੱਧਰ ’ਤੇ ਉਜਾੜੇ ਦੀ ਮਾਰ ਚੱਲ ਰਹੇ ਅਫ਼ਰੀਕੀ ਮੁਲਕ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਨਾਲ ਤਾਇਨਾਤੀ ਲਈ ਅੱਜ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ 160 ਮੈਂਬਰੀ ਟੀਮ ਨੂੰ ਰਵਾਨਾ ਕੀਤਾ ਗਿਆ, ਜਿਸ ਵਿੱਚ 25 ਮਹਿਲਾਵਾਂ ਵੀ ਸ਼ਾਮਲ ਸਨ। ਬੀਐੱਸਐੱਫ ਦੇ ਨਿਰਦੇਸ਼ਕ ਜਨਰਲ (ਡੀਜੀ) ਦਲਜੀਤ ਸਿੰਘ ਚੌਧਰੀ ਤੇ ਸੀਨੀਅਰ ਅਧਿਕਾਰੀਆਂ ਨੇ ਲੋਧੀ ਰੋਡ ਸਥਿਤ ਬੀਐੱਸਐੱਫ ਦੇ ਮੁੱਖ ਦਫ਼ਤਰ ਵਿੱਚ ਟੀਮ ਨਾਲ ਮੁਲਾਕਾਤ ਕੀਤੀ। ਡੀਜੀ ਨੇ ਉਨ੍ਹਾਂ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਕਿ ਭਾਰਤ ਤੇ ਬੀਐੱਸਐੱਫ ਦਾ ਝੰਡਾ ਉੱਚਾ ਰਹੇ। ਉਨ੍ਹਾਂ ਕਿਹਾ,‘ਤੁਹਾਡਾ ਵਤੀਰਾ ਤੇ ਕੰਮ ਨਵੇਕਲਾ ਹੋਣਾ ਚਾਹੀਦਾ ਹੈ। ਤੁਹਾਨੂੰ ਇਸ ਕੰਮ ਲਈ ਸਿਖਲਾਈ ਦਿੱਤੀ ਗਈ ਹੈ।’ ਉਨ੍ਹਾਂ ਕਿਹਾ ਕਿ ਹਾਲ ਹੀ ’ਚ ਅਪਰੇਸ਼ਨ ਸਿੰਧੂਰ ਦੌਰਾਨ ਬੀਐੱਸਐੱਫ ਦੀ ਕਾਰਵਾਈ ਨੇ ਫੋਰਸ ਨੂੰ ਵੱਖਰੀ ਪਛਾਣ ਦਿਵਾਈ ਅਤੇ ਤੁਹਾਨੂੰ ਮਿਸਾਲ ਕਾਇਮ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਕਮਾਂਡੈਂਟ ਕੈਲਾਸ਼ ਸਿੰਘ ਮਹਿਤਾ ਦੀ ਅਗਵਾਈ ਹੇਠ ਬੀਐੱਸਐੱਫ ਦੀ ਇਹ 18ਵੀਂ ਟੁਕੜੀ ਕਾਂਗੋ ਦੇ ਬੇਨੀ ਵਿੱਚ ਸਥਿਤ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ ਸਟੇਬਲਾਈਜੇਸ਼ਨ ਮਿਸ਼ਨ ’ਚ ਸ਼ਾਮਲ ਹੋਵੇਗੀ। -ਪੀਟੀਆਈ