ਬੀਅਰ ਵੇਚਣ ਦੇ ਦੋਸ਼ ਹੇਠ ਸਵੀਮਿੰਗ ਪੂਲ ਮਾਲਕ ਗ੍ਰਿਫ਼ਤਾਰ
05:26 AM Jun 17, 2025 IST
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 16 ਜੂਨ
ਰੂਪਨਗਰ ਪੁਲੀਸ ਅਤੇ ਕਰ ਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਪਿੰਡ ਦੁੱਗਰੀ ਵਿੱਚ ਸਵੀਮਿੰਗ ਪੂਲ ਦੇ ਮਾਲਕ ਪਰਮਪ੍ਰੀਤਇੰਦਰ ਸਿੰਘ ਵਿਰਕ ਖ਼ਿਲਾਫ਼ 8 ਪੇਟੀਆਂ ਬੀਅਰ ਬਰਾਮਦ ਕਰ ਕੇ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਦਰ ਰੂਪਨਗਰ ਦੇ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਪੁਲੀਸ ਟੀਮ ਸਣੇ ਘਨੌਲੀ ਨੇੜੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਕਰ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਜ਼ੋਰਾਵਰ ਸਿੰਘ ਅਤੇ ਸਰਕਲ ਐੱਲ-1 ਇੰਚਾਰਜ ਸੁਰਜੀਤ ਸਿੰਘ ਵੀ ਉੱਥੇ ਪਹੁੰਚ ਗਏ। ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੁੱਗਰੀ ’ਚ ਸਵੀਮਿੰਗ ਪੂਲ ਦੇ ਮਾਲਕ ਵੱਲੋਂ ਸਸਤੀ ਬੀਅਰ ਲਿਆ ਕੇ ਉਥੇ ਨਹਾਉਣ ਆਏ ਗਾਹਕਾਂ ਨੂੰ ਮਹਿੰਗੇ ਭਾਅ ’ਚ ਵੇਚੀ ਜਾ ਰਹੀ ਹੈ। ਇਸ ਮਗਰੋਂ ਜਦੋਂ ਛਾਪਾ ਮਾਰਿਆ ਤਾਂ ਸਵੀਮਿੰਗ ਪੂਲ ’ਤੇ ਬਣੇ ਇੱਕ ਕਮਰੇ ’ਚੋਂ 8 ਪੇਟੀਆਂ ਬੀਅਰ ਬਰਾਮਦ ਹੋਈ। ਪੁਲੀਸ ਨੇ ਪਰਮਪ੍ਰੀਤਇੰਦਰ ਸਿੰਘ ਵਿਰਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement