ਬਿਹਾਰ ਤੋਂ ਲਿਆਂਦੇ ਦੇਸੀ ਪਿਸਤੌਲ ਬਰਾਮਦ; ਤਿੰਨ ਮੁਲਜ਼ਮ ਗ੍ਰਿਫ਼ਤਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 6 ਫਰਵਰੀ
ਪੁਲੀਸ ਦੇ ਐਂਟੀ ਗੈਗਸਟਰ ਸਟਾਫ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 3 ਦੇਸੀ ਪਿਸਤੌਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਇਹ ਦੇਸੀ ਪਿਸਤੌਲ ਬਿਹਾਰ ਤੋਂ ਪੰਜਾਬ ਵਿਚ ਲਿਆਂਦੇ ਗਏ ਸਨ।
ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੁਕੇਸ਼ ਕੁਮਾਰ ਵਾਸੀ ਬਿਹਾਰ , ਸੁਖਚੈਨ ਸਿੰਘ ਅਤੇ ਜੋਬਨਜੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਅਸਲਾ ਐਕਟ ਦੀ ਧਾਰਾ ਹੇਠ ਥਾਣਾ ਇਸਲਾਮਾਬਾਦ ਵਿਚ ਕੇਸ ਦਰਜ ਕੀਤਾ ਹੈ। ਇਨ੍ਹਾਂ ਕੋਲੋਂ 32 ਬੋਰ ਦੇ ਤਿੰਨ ਦੇਸੀ ਪਿਸਤੌਲ ਅਤੇ ਦੋ ਗੋਲੀਆਂ ਬਰਾਮਦ ਹੋਈਆਂ ਹਨ। ਪੁਲੀਸ ਦੇ ਡਿਪਟੀ ਕਮਿਸ਼ਨਰ ਮੁੱਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੁਕੇਸ਼ ਜੇਲ੍ਹ ਵਿੱਚ ਬੰਦ ਸੀ। ਜਿਸ ਨੂੰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਸੁਖਚੈਨ ਸਿੰਘ ਜੇਲ੍ਹ ਵਿੱਚ ਬੰਦ ਹੋਣ ਸਮੇਂ ਹੀ ਉਸ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸ ਨੇ ਬਿਹਾਰ ਤੋਂ ਦੇਸੀ ਹਥਿਆਰ ਲਿਆਉਣ ਦੀ ਯੋਜਨਾ ਬਣਾਈ ਸੀ । ਜ਼ਮਾਨਤ ‘ਤੇ ਰਿਹਾਅ ਹੋ ਕੇ ਬਾਹਰ ਆਉਣ ਮਗਰੋਂ ਸੁਖਚੈਨ ਨੇ ਇਸ ਯੋਜਨਾ ਨੂੰ ਅਮਲ ਵਿੱਚ ਲਿਆਂਦਾ। ਉਸ ਨੇ ਆਪਣੇ ਸਾਥੀ ਜੋਬਨਜੀਤ ਸਿੰਘ ਨਾਲ ਰਲ ਕੇ ਬਿਹਾਰ ਤੋਂ ਤਿੰਨ ਪਿਸਤੌਲ ਲਿਆਉਂਦੇ ਸਨ। ਇਨ੍ਹਾਂ ਵਿੱਚੋਂ ਦੋ ਪਿਸਤੌਲ ਸੁਖਚੈਨ ਕੋਲੋਂ ਅਤੇ ਇਕ ਪਿਸਤੌਲ ਜੋਬਨਜੀਤ ਕੋਲੋਂ ਮਿਲਿਆ। ਬਿਹਾਰ ਵਿੱਚੋਂ ਇਹ ਅਸਲਾ ਮੁਕੇਸ਼ ਦੇ ਇੱਕ ਸਾਥੀ ਕੋਲੋਂ ਲਿਆਂਦਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਕੇਸ਼ ਕੁਮਾਰ ਦੇ ਖਿਲਾਫ ਲਗਪਗ ਸੱਤ ਅਪਰਾਧਿਕ ਕੇਸ ਅਤੇ ਸੁਖਚੈਨ ਤੇ ਜੋਬਨਜੀਤ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲੀਸ ਇਨ੍ਹਾਂ ਨੂੂੰ ਅਦਾਲਤ ਵਿੱਚ ਪੇਸ਼ ਕਰੇਗੀ।