ਬਿਜਲਈ ਭੱਠੀ ’ਚ ਸਸਕਾਰ ਕਰਨ ਨੂੰ ਲੋਕ ਨਹੀਂ ਦੇ ਰਹੇ ਤਰਜੀਹ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਜੂਨ
ਅਜੋਕੇ ਯੁੱਗ ਵਿੱਚ ਲੋਕਾਂ ਦਾ ਬਿਜਲਈ ਵਿਧੀ ਨਾਲ ਸਸਕਾਰ ਕਰਨ ਵੱਲ ਰੁਝਾਨ ਨਹੀਂ ਵਧਿਆ। ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਸਸਕਾਰ ਕਰਨ ਲਈ ਵਰਤੀ ਜਾਂਦੀ ਲੱਕੜ ਕਰਕੇ ਇਕ ਰੁੱਖ ਦੀ ਲੱਕੜ ਦੀ ਵੀ ਖਪਤ ਹੁੰਦੀ ਹੈ। ਪੰਜਾਬ ਦੇ ਕਰੀਬ 52000 ਸ਼ਮਸ਼ਾਨਘਾਟਾਂ ਵਿਚੋਂ ਬਹੁਤ ਘੱਟ ਬਿਜਲਈ ਸ਼ਮਸ਼ਾਨਘਾਟ ਹਨ, ਜੋ ਬਿਜਲੀ ਸ਼ਮਸ਼ਾਨਘਾਟ ਹਨ ਉਨ੍ਹਾਂ ਵਿਚ ਕੋਈ ਹੀ ਬਿਜਲੀ ਸ਼ਮਸ਼ਾਨਘਾਟ ਦੀ ਵਰਤੋਂ ਕਰਦੇ ਹਨ ਤੇ ਹਰ ਇਕ ਸਸਕਾਰ ਲੱਕੜ ਨਾਲ ਹੀ ਕਰਨ ਨੂੰ ਤਰਜੀਹ ਦਿੰਦਾ ਹੈ। ਪਟਿਆਲਾ ਵਿਚ ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਸ਼ਮਸ਼ਾਨਘਾਟ ਸਥਾਪਤ ਕਰਨ ਲਈ ਲੱਖਾਂ ਰੁਪਏ ਖ਼ਰਚ ਕੀਤੇ ਗਏ ਹਨ। ਇਸ ਦੇ ਬਾਵਜੂਦ ਸ਼ਹਿਰ ਵਾਸੀ ਮੁਰਦਿਆਂ ਦੇ ਸਸਕਾਰ ਲਈ ਵਾਤਾਵਰਨ-ਅਨੁਕੂਲ ਤਰੀਕੇ ਦੀ ਵਰਤੋਂ ਕਰਨ ਵਿੱਚ ਅਸਫਲ ਰਹੇ ਹਨ। ਜ਼ਿਆਦਾਤਰ ਲੋਕ ਪਰੰਪਰਾਗਤ ਲੱਕੜਾਂ ਰਾਹੀਂ ਅੱਗ ਅਧਾਰਿਤ ਵਿਧੀ ਨਾਲ ਹੀ ਸਸਕਾਰ ਕਰਨ ਨੂੰ ਤਰਜੀਹ ਦਿੰਦੇ ਹਨ, ਬੀਰ ਜੀ ਸ਼ਮਸ਼ਾਨਘਾਟ ‘ਤੇ ਇੱਕ ਮਹੀਨੇ ਵਿੱਚ ਲਗਪਗ 200-225 ਸਸਕਾਰ ਕੀਤੇ ਗਏ, ਪਰ ਅਧਿਕਾਰੀਆਂ ਨੂੰ ਇਲੈਕਟ੍ਰਿਕ ਸਸਕਾਰ ਲਈ ਸਿਰਫ਼ ਚਾਰ-ਪੰਜ ਬੇਨਤੀਆਂ ਹੀ ਮਿਲੀਆਂ। ਸ਼ਹਿਰ ਵਿੱਚ ਚਾਰ ਸ਼ਮਸ਼ਾਨਘਾਟ ਹਨ। ਇੱਕ ਅਧਿਕਾਰੀ ਨੇ ਕਿਹਾ, ‘‘ਇਨ੍ਹਾਂ ਸਾਰੇ ਸ਼ਮਸ਼ਾਨਘਾਟਾਂ ਵਿੱਚ ਮੁਰਦਿਆਂ ਦੇ ਸਸਕਾਰ ਲਈ ਪਰੰਪਰਾਗਤ ਅੱਗ-ਅਧਾਰਿਤ ਵਿਧੀ ਦੀ ਵਿਵਸਥਾ ਹੈ। ਚਾਰ ਵਿੱਚੋਂ ਸਿਰਫ਼ ਦੋ ਸ਼ਮਸ਼ਾਨਘਾਟਾਂ ਵਿੱਚ ਇਲੈਕਟ੍ਰਿਕ ਸਸਕਾਰ ਦੀ ਵਿਵਸਥਾ ਹੈ, ਪਰ ਇਨ੍ਹਾਂ ਦੀ ਵਰਤੋਂ ਘੱਟ ਹੀ ਕੀਤੀ ਜਾਂਦੀ ਹੈ।’ ਬੀਰ ਜੀ ਸ਼ਮਸ਼ਾਨਘਾਟ ‘ਤੇ ਕੰਮ ਕਰਨ ਵਾਲੇ ਬਿਕਰਮ ਨੇ ਕਿਹਾ, ‘‘ਜ਼ਿਆਦਾਤਰ ਲੋਕ ਪਰੰਪਰਾਗਤ ਵਿਧੀ ਨੂੰ ਤਰਜੀਹ ਦਿੰਦੇ ਹਨ। ਅਸੀਂ ਉਨ੍ਹਾਂ ਨੂੰ ਇਲੈਕਟ੍ਰਿਕ ਸ਼ਮਸ਼ਾਨਘਾਟ ਦੀ ਵਰਤੋਂ ਕਰਨ ਦੀ ਪੇਸ਼ਕਸ਼ ਕਰਦੇ ਹਾਂ, ਪਰ ਲੋਕ ਇਸ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹਨ।’’ ਇਕ ਜਣੇ ਦੇ ਸਕਾਰ ਲਈ ਕਰੀਬ 7-8 ਕੁਇੰਟਲ ਲੱਕੜ ਸੜਦੀ ਹੈ, ਜੋ ਇਕ ਰੁੱਖ ਦੀ ਬਲੀ ਵੀ ਲੈ ਲੈਂਦੀ ਹੈ। ਬੀਰ ਜੀ ਸ਼ਮਸ਼ਾਨਘਾਟ ਅਤੇ ਘਲੋੜੀ ਗੇਟ ਸ਼ਮਸ਼ਾਨਘਾਟ ਦੀਆਂ ਕਮੇਟੀਆਂ ਦੇ ਮੈਂਬਰ ਤੇ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ, ‘‘ਲੋਕਾਂ ਵਿੱਚ ਇਲੈਕਟ੍ਰਿਕ ਵਿਧੀ ਬਾਰੇ ਘੱਟ ਜਾਗਰੂਕਤਾ ਹੈ। ਉਹ ਪਰੰਪਰਾਗਤ ਵਿਧੀ ਨੂੰ ਤਰਜੀਹ ਦਿੰਦੇ ਹਨ ਪਰ ਲੱਕੜ ਸਾੜਨ ਕਾਰਨ ਵਾਤਾਵਰਣ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਅਸੀਂ ਸਮੇਂ ਸਮੇਂ ਅਨੁਸਾਰ ਜਾਗਰੂਕ ਕਰਦੇ ਹਾਂ ਪਰ ਲੋਕ ਪੁਰਾਣੀਆਂ ਰੂੜ੍ਹੀਵਾਦੀ ਨੀਤੀਆਂ ਨੂੰ ਹੀ ਤਰਜੀਹ ਦੇ ਕੇ ਰਵਾਇਤੀ ਸਸਕਾਰ ਹੀ ਕਰਦੇ ਹਨ। ਬਡੂੰਗਰ ਵਿਚ 85 ਲੱਖ ਦੀ ਬਿਜਲੀ ਭੱਠੀ ਲਗਾਈ ਗਈ ਸੀ, ਇਸੇ ਤਰ੍ਹਾਂ ਬੀਰ ਜੀ ਸ਼ਮਸ਼ਾਨਘਾਟ ਵਿਚ ਵੀ ਲੱਖਾਂ ਰੁਪਏ ਖ਼ਰਚ ਕੇ ਬਿਜਲੀ ਭੱਠੀ ਲਾਈ ਗਈ ਹੈ।