ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਪ੍ਰਦਰਸ਼ਨ
ਕੁਲਦੀਪ ਸਿੰਘ
ਚੰਡੀਗੜ੍ਹ, 3 ਜਨਵਰੀ
ਯੂਟੀ ਚੰਡੀਗੜ੍ਹ ਦੇ ਬਿਜਲੀ ਵਿਭਾਗ ਦੇ ਹੋ ਰਹੇ ਨਿੱਜੀਕਰਨ ਖ਼ਿਲਾਫ਼ ਚੱਲ ਰਹੇ ਮੁਲਾਜ਼ਮ ਅਤੇ ਸ਼ਹਿਰ ਵਾਸੀਆਂ ਦੇ ਸੰਘਰਸ਼ ਦੇ ਅੱਜ 26ਵੇਂ ਦਿਨ ਲੋਕਾਂ ਵੱਲੋਂ ਸੈਕਟਰ 30 ਵਿੱਚ ਪੈਦਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਸੈਕਟਰ 30-ਬੀ ਦੇ ਕਮਿਊਨਿਟੀ ਸੈਂਟਰ ਤੋਂ ਸ਼ੁਰੂ ਹੋ ਕੇ ਰਿਹਾਇਸ਼ੀ ਖੇਤਰਾਂ ਵਿੱਚ ਦੀ ਹੋ ਕੇ 30-ਡੀ ਅਤੇ 30-ਸੀ ਮਾਰਕੀਟ ਵਿੱਚ ਦੀ ਹੁੰਦਾ ਹੋਇਆ ਮੁੜ ਉਸੇ ਸਥਾਨ ’ਤੇ ਆ ਕੇ ਸਮਾਪਤ ਹੋਇਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ, ਯਾਦਵਿੰਦਰ ਮਹਿਤਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਹਿਣ ਨੂੰ ਤਾਂ ਭਾਰਤ ਵਿੱਚ ਲੋਕਤੰਤਰ ਹੈ ਪਰ ਚੰਡੀਗੜ੍ਹ ਪ੍ਰਸ਼ਾਸਨ ਤਾਨਾਸ਼ਾਹ ਬਣ ਬੈਠਾ ਹੈ ਅਤੇ ਉਹ ਲੋਕਾਂ ਉੱਤੇ ਇੱਕ ਪ੍ਰਾਈਵੇਟ ਕੰਪਨੀ ਦਾ ਰਾਜ ਸਥਾਪਤ ਕਰਨ ਜਾ ਰਿਹਾ ਹੈ, ਜਿਸ ਨੂੰ ਚੰਡੀਗੜ੍ਹ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਕੌਂਸਲਰ ਤਰੁਣ ਮਹਿਤਾ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਵਾਸੀਆਂ ਦੇ ਇਸ ਸੰਘਰਸ਼ ਨੂੰ ਹਲਕੇ ਵਿੱਚ ਨਾ ਲਵੇ। ਯੂਟੀ ਪਾਵਰਮੈਨ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਕਿਹਾ ਕਿ ਪ੍ਰਸ਼ਾਸਨ ਆਪਣੀਆਂ ਗਲਤੀਆਂ ਛਪਾਉਣ ਲਈ ਲਗਾਤਾਰ ਗਲਤੀਆਂ ਕਰ ਰਿਹਾ ਹੈ। ਬਿਜਲੀ ਵਿਭਾਗ ਦੇ ਸੌਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ ਜਿਸ ਨੂੰ ਛੁਪਾਉਣ ਲਈ ਪ੍ਰਸ਼ਾਸਨ ਇਸ ਨੂੰ ਜਲਦੀ ਕੰਪਨੀ ਕੋਲ ਸੌਂਪਣ ਲਈ ਉਤਾਵਲਾ ਹੋਇਆ ਪਿਆ ਹੈ। ਚੰਡੀਗੜ੍ਹ ਦੇ ਲੋਕ ਹੁਣ ਜਾਗ ਗਏ ਹਨ ਅਤੇ ਉਹ ਇਸ ਨਿੱਜੀਕਰਨ ਨੂੰ ਰੱਦ ਕਰਵਾ ਕੇ ਹੀ ਦਮ ਲੈਣਗੇ। ਇਸ ਮੌਕੇ ਕਾਮਰੇਡ ਨਗਿੰਦਰ ਸਿੰਘ, ਸ਼ਹਿਨਾਜ਼ ਮੁਹੰਮਦ ਗੋਰਸੀ, ਸਰਵੇਸ਼ ਯਾਦਵ, ਸੰਦੀਪ ਰਾਜ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਬਿਜਲੀ ਦਾ ਨਿੱਜੀਕਰਨ ਨਹੀਂ ਹੋਣ ਦੇਣਗੇ।