ਬਿਜਲੀ ਮੰਤਰੀ ਦੇ 8 ਘੰਟੇ ਬਿਜਲੀ ਦੇਣ ਦੇ ਦਾਅਵੇ ਖੋਖਲੇ: ਕੋਟ ਪਨੈਚ
ਪੱਤਰ ਪ੍ਰੇਰਕ
ਪਾਇਲ, 20 ਮਈ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਅੱਜ ਇਥੇ ਕਿਹਾ ਕਿ ਕੁੱਝ ਦਿਨ ਪਹਿਲਾਂ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਉਤਸ਼ਾਹਿਤ ਕਰਦਿਆਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਦਿਆਂ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ 15 ਮਈ ਤੋਂ 30 ਜੂਨ ਤੱਕ ਮੋਟਰਾਂ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਪਰ ਇਸ ਉੱਤੇ ਸਬੂਤਾਂ ਸਮੇਤ ਸਵਾਲ ਚੁੱਕਦਿਆਂ ਪ੍ਰਗਟ ਸਿੰਘ ਕੋਟ ਪਨੈਚ ਨੇ ਦੱਸਿਆ ਕਿ ਰਾਏਪੁਰ ਫੀਡਰ ’ਤੇ ਅੱਜ ਤੱਕ ਇੱਕ ਦਿਨ ਵੀ 8 ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਗਈ।
ਉਹਨਾਂ ਕਿਹਾ ਕਿ ਜਿੱਥੇ ਸਰਕਾਰ ਦੇ ਨੁਮਾਇੰਦੇ ਗਾਹੇ ਵਗਾਹੇ ਇਹ ਕਹਿੰਦੇ ਨਹੀ ਥੱਕਦੇ ਕਿ ਬਿਜਲੀ ਸਪਲਾਈ ਦਿਨ ਵੇਲੇ ਹੀ ਦਿੱਤੀ ਜਾਵੇਗੀ ਤਾਂ ਉਹ ਗੱਲ ਵੀ ਨਿਰੀ ਝੂਠ ਦੀ ਪੰਡ ਹੈ ਕਿਉਂਕਿ ਦੋ ਦੋ ਦਿਨਾਂ ਦੀ ਸ਼ਿਫਟਾਂ ਰਾਹੀਂ ਲਾਈਟ ਰਾਤਾਂ ਨੂੰ ਵੀ ਆਉਂਦੀ ਹੈ। ਉਹਨਾਂ ਕਿਹਾ ਕਿ ਸਰਕਾਰ ਜਿੱਥੇ ਇੱਕ ਪਾਸੇ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਚੋਂ ਨਿਕਲਣ ਦੀ ਸਲਾਹ ਦਿੰਦੀ ਹੈ ਉੱਥੇ ਹੀ ਦੂਜੇ ਪਾਸੇ ਮਾੜੀ ਬਿਜਲੀ ਸਪਲਾਈ ਕਰਕੇ ਉਹ ਸਿੱਧੀ ਬਿਜਾਈ ਅਤੇ ਸਬਜ਼ੀਆਂ ਬੀਜਣ ਵਾਲੇ ਕਿਸਾਨਾਂ ਨੂੰ ਨਿਰ ਉਤਸ਼ਾਹਤ ਕਰਕੇ ਪੁਰਾਣੇ ਫਸਲੀ ਚੱਕਰ ਤੱਕ ਹੀ ਸੀਮਤ ਰੱਖਣਾ ਚਾਹੁੰਦੀ ਹੈ। ਉਹਨਾਂ ਦੱਸਿਆ ਕਿ ਇਸ ਸੰਬੰਧੀ ਐਕਸੀਅਨ ਦਫ਼ਤਰ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਹੈ ਪ੍ਰੰਤੂ ਸਿਰਫ਼ ਵਾਅਦਿਆਂ ਤੋਂ ਬਿਨਾਂ ਅਸਲੀਅਤ ਚ ਕੋਈ ਸੁਧਾਰ ਨਹੀਂ ਹੋਇਆ ਹੈ। ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਸਿਰਫ਼ ਗੱਲਾਂ ਦਾ ਕੜਾਹ ਬਣਾ ਰਹੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਮਨਪ੍ਰੀਤ ਸਿੰਘ ਰਾਏਕੋਟ, ਪ੍ਰਧਾਨ ਰਣਵੀਰ ਸਿੰਘ ਸੰਘੇੜਾ ਤੇ ਡੇਹਲੋਂ ਦੇ ਪ੍ਰਧਾਨ ਕਰਮਜੀਤ ਸਿੰਘ ਜਸਪਾਲ ਬਾਂਗਰ ਵੀ ਮੌਜੂਦ ਸਨ।