ਬਿਜਲੀ ਬੋਰਡ ਕਿਸਾਨਾਂ ਨੂੰ ਸੜਕਾਂ ’ਤੇ ਉੱਤਰਨ ਲਈ ਮਜਬੂਰ ਨਾ ਕਰੇ: ਕੋਟ ਪਨੈਚ
ਪੱਤਰ ਪ੍ਰੇਰਕ
ਪਾਇਲ, 21 ਮਈ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਖੇਤੀਬਾੜੀ ਸੈਕਟਰ ਲਈ ਪਾਇਲ ਗਰਿੱਡ ਤੋਂ ਚੱਲਦੇ ਫੀਡਰਾਂ ’ਤੇ ਤਿੰਨ ਫੇਸ ਸਪਲਾਈ ਨਾ ਮਾਤਰ ਆਉਣ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਬੋਰਡ ਦੇ ਉੱਚ ਅਧਿਕਾਰੀ ਕਿਸਾਨਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਨਾ ਕਰਨ। ਉਨ੍ਹਾਂ ਦੋਸ਼ ਲਾਇਆ ਕਿ ਲਿਹਾਜ਼ਾ ਚਾਰ ਘੰਟੇ ਦੋ ਦੋ ਦਿਨ ਦੀਆਂ ਵਾਰੀਆਂ ਬਣਾ ਕੇ ਦਿੱਤੀ ਜਾ ਰਹੀ ਸਪਲਾਈ ਨੇ ਕਿਸਾਨਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ।
ਕੋਟ ਪਨੈਚ ਨੇ ਕਿਹਾ ਕਿ ਅਸੀ ਲਗਾਤਾਰ ਕਈ ਦਿਨਾਂ ਤੋਂ ਐਕਸੀਅਨ ਦੋਰਾਹਾ ਨੂੰ ਕਿਸਾਨਾਂ ਦੀਆਂ ਫਸਲਾਂ ਸੁੱਕਣ ਬਾਰੇ ਬੁਝਾਰਤਾਂ ਪਾ ਚੁੱਕੇ ਹਾਂ, ਹੁਣ ਸਾਡੇ ਹੱਥ ਖੜ੍ਹੇ ਨੇ ਕਿਸੇ ਸਮੇਂ ਵੀ ਅੰਦੋਲਨ ਲਈ ਕਾਲ ਦੇਕੇ ਅਫ਼ਸਰਸ਼ਾਹੀ ਨੂੰ ਜਗਾਉਣ ਲਈ ਸਖ਼ਤ ਪ੍ਰੋਗਰਾਮ ਉਲੀਕਿਆ ਜਾ ਸਕਦਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੀ ਐਸ ਪੀ ਸੀ ਐਲ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਅਸਲ ਮਾਅਨਿਆਂ ਚ' ਇਸ ਅਦਾਰੇ ਦੀ ਆਦਤ ਬਣ ਚੁੱਕੀ ਹੈ ਜਿੰਨੀ ਦੇਰ ਸੜਕਾਂ ਤੇ ਨਾ ਆਉ ਇਹ ਏ ਸੀ ਕਮਰਿਆਂ ਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਿਰਫ ਕੱਲ੍ਹ ਦਾ ਦਿਨ ਉਡੀਕ ਕਰਾਂਗੇ, ਜੇਕਰ ਬਿਜਲੀ ਸਪਲਾਈ ਚ ਤੁਰੰਤ ਸੁਧਾਰ ਨਾ ਹੋਇਆ ਤਾਂ ਸਖ਼ਤ ਕਦਮ ਚੁੱਕਣ ਤੋਂ ਗ਼ੁਰੇਜ਼ ਨਹੀਂ ਕੀਤਾ ਜਾਵੇਗਾ।