ਬਿਜਲੀ ਦੇ ਢਾਂਚਾਗਤ ਸੁਧਾਰਾਂ ਲਈ 38 ਕਰੋੜ ਰੁਪਏ ਮਨਜ਼ੂਰ: ਵਿੱਜ
ਅੰਬਾਲਾ, 14 ਜੂਨ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨਾਲ ਸ਼ਾਸਤਰੀ ਕਲੋਨੀ ਰੈਜ਼ੀਡੈਂਟ ਸੁਸਾਇਟੀ ਦੇ ਮੈਂਬਰਾਂ ਨੇ ਮੁਲਾਕਾਤ ਕਰਕੇ ਉਨ੍ਹਾਂ ਦੇ ਯਤਨਾਂ ਲਈ ਧੰਨਵਾਦ ਕੀਤਾ। ਸੁਸਾਇਟੀ ਦੇ ਚੇਅਰਮੈਨ ਕਪਿਲ ਵਿੱਜ ਅਤੇ ਪ੍ਰਧਾਨ ਰਾਜੇਸ਼ ਅਗਰਵਾਲ ਦੀ ਅਗਵਾਈ ਹੇਠ ਮੈਂਬਰਾਂ ਨੇ ਕਿਹਾ ਕਿ ਕੈਬਨਟ ਮੰਤਰੀ ਅਨਿਲ ਵਿੱਜ ਦੀ ਅਗਵਾਈ ਹੇਠ ਸ਼ਾਸਤਰੀ ਕਲੋਨੀ ਦੇ ਸਾਹਮਣੇ ਮੁੱਖ ਮਾਰਗ ’ਤੇ ਰੇਲਵੇ ਫਲਾਈਓਵਰ ਦੇ ਨਾਲ 30 ਕਰੋੜ ਰੁਪਏ ਦੀ ਲਾਗਤ ਨਾਲ ਸਰਵਿਸ ਲੇਨ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਨਾਲ ਹੀ ਅੰਬਾਲਾ ਛਾਉਣੀ ਵਿਚ ਬਿਜਲੀ ਦੇ ਸੁਧਾਰ ਲਈ 38 ਕਰੋੜ ਰੁਪਏ ਦੀ ਮਨਜ਼ੂਰੀ ਮਿਲੀ ਹੈ।
ਸੁਸਾਇਟੀ ਮੈਂਬਰਾਂ ਮੁਤਾਬਿਕ ਇਹ ਦੋਵੇਂ ਪ੍ਰਾਜੈਕਟ ਇਲਾਕੇ ਦੇ ਨਿਵਾਸੀਆਂ ਲਈ ਬਹੁਤ ਵੱਡੀ ਸਹੂਲਤ ਲੈ ਕੇ ਆਉਣਗੇ। ਹੁਣ ਸ਼ਾਸਤਰੀ ਕਲੋਨੀ ਦੇ ਨਾਲ-ਨਾਲ ਰੇਲਵੇ ਕਲੋਨੀ, ਚੰਦਰਪੁਰੀ, ਪੀਐੱਨਟੀ ਕਲੋਨੀ, ਦੁਧਲਾ, ਗੁਲਾਬ ਮੰਡੀ, ਸ਼ਿਵਾਲਾ ਮੰਡੀ, ਸੁੰਦਰ ਨਗਰ, ਮੱਛੌਂਡਾ ਅਤੇ ਸ਼ਾਹਪੁਰ ਇਲਾਕਿਆਂ ਦੇ ਵਸਨੀਕ ਵੀ ਲਾਭ ਲੈਣਗੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਅਨਿਲ ਵਿੱਜ ਦੇ ਯਤਨਾਂ ਕਰਕੇ ਹੀ ਪਹਿਲਾਂ ਸ਼ਾਸਤਰੀ ਕਲੋਨੀ ਦੇ ਸਾਹਮਣੇ ਜੀਟੀ ਰੋਡ ਉੱਤੇ ਲਗਭਗ 13.50 ਕਰੋੜ ਰੁਪਏ ਦੀ ਲਾਗਤ ਨਾਲ ਅੰਡਰਪਾਸ ਤਿਆਰ ਹੋਇਆ ਸੀ, ਜਿਸ ਦਾ ਲਾਭ ਅੱਜ ਹਰ ਰੋਜ਼ ਹਜ਼ਾਰਾਂ ਲੋਕ ਲੈ ਰਹੇ ਹਨ।
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਕਪਿਲ ਵਿੱਜ, ਪ੍ਰਧਾਨ ਰਾਜੇਸ਼ ਅਗਰਵਾਲ, ਜਰਨਲ ਸਕੱਤਰ ਬਲਿਤ ਨਾਗਪਾਲ, ਖ਼ਜ਼ਾਨਚੀ ਗੌਰਵ ਸੋਨੀ, ਹੰਸਰਾਜ, ਅਸ਼ਵਨੀ ਨਾਗਪਾਲ, ਅਰਵਿੰਦ, ਆਸ਼ੀਸ਼, ਵਿਪਿਨ ਖੰਨਾ, ਦੀਪਕ ਸ਼ਰਮਾ, ਦੀਪਕ, ਸੋਮੇਸ਼, ਰਵੀ, ਹਰਤੇਜ ਅਤੇ ਜੀਐੱਲ ਬੱਤਰਾ ਹਾਜ਼ਰ ਸਨ।