ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਨੇ ਪਾਵਰਕੌਮ ਦਫ਼ਤਰ ਘੇਰਿਆ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਜੂਨ
ਹਲਕਾ ਸਾਹਨੇਵਾਲ ਦੇ ਕਈ ਪਿੰਡਾਂ ਵਿਚ ਬਿਜਲੀ ਦੀ ਮਾੜੀ ਸਪਲਾਈ ਕਾਰਨ ਲੋਕਾਂ ਵੱਲੋਂ ਅੱਜ ਗੌਂਸਗੜ੍ਹ ਪਾਵਰਕੌਮ ਦਫ਼ਤਰ ਦਾ ਘਿਰਾਓ ਕੀਤਾ ਗਿਆ। ਹਲਕਾ ਸਾਹਨੇਵਾਲ ਦੇ ਪਿੰਡ ਸਸਰਾਲੀ, ਗਦਾਪੁਰ, ਰੌੜ, ਬੂਥਗੜ੍ਹ ਵਣਜਾਰਾ, ਸਸਰਾਲੀ ਕਲੋਨੀ ਆਦਿ ਪਿੰਡਾਂ ਦੇ ਲੋਕਾਂ ਨੇ ਕਾਂਗਰਸ ਆਗੂ ਤਾਜਪਰਮਿੰਦਰ ਸਿੰਘ ਸੋਨੂੰ ਦੀ ਅਗਵਾਈ ਹੇਠ ਪਾਵਰਕੌਮ ਦਫ਼ਤਰ ਦਾ ਘਿਰਾਓ ਕਰਦਿਆਂ ਕਿਹਾ ਕਿ ਜੋ ਘਰਾਂ ਨੂੰ ਬਿਜਲੀ ਸਪਲਾਈ ਆਉਂਦੀ ਹੈ ਉਸ ਵਿਚ ਰੋਜ਼ਾਨਾ ਨੁਕਸ ਪਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਚੰਗੀ ਤਰ੍ਹਾਂ ਨਾਲ ਨਾ ਆਉਣ ਕਾਰਨ ਅੱਤ ਦੀ ਗਰਮੀ ਵਿਚ ਨਾ ਘਰਾਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਮਿਲ ਰਹੀ ਹੈ ਅਤੇ ਦੂਸਰੇ ਪਾਸੇ ਬਜ਼ੁਰਗ ਤੇ ਬੱਚੇ ਹਾਲੋ ਬੇਹਾਲ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਬਿਜਲੀ ਸਪਲਾਈ ਲਈ ਜੋ 11 ਵੋਲਟੇਜ਼ ਵਾਲੀ ਲਾਈਨ ਹੈ ਉਸ ਦੇ ਨਾਲ ਲੱਗੇ ਦਰੱਖ਼ਤਾਂ ਕਾਰਨ ਰੋਜ਼ਾਨਾ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਜਿਸ ਨਾਲ ਬਿਜਲੀ ਕੱਟ ਲੱਗ ਰਹੇ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਬਿਜਲੀ ਘਰ ਤੋਂ ਲੈ ਕੇ ਇਨ੍ਹਾਂ ਪਿੰਡਾਂ ਤੱਕ ਸਪਲਾਈ ਲਈ ਅਲੱਗ ਲਾਈਨ ਵਿਛਾਈ ਜਾਵੇ ਅਤੇ ਪਿੰਡਾਂ ਨੂੰ ਵੱਖਰਾ ਫੀਡਰ ਦਿੱਤਾ ਜਾਵੇ ਤਾਂ ਜੋ ਬਿਜਲੀ ਸਪਲਾਈ ਨਿਰਵਿਘਨ ਜਾਰੀ ਰਹੇ। ਸਪਲਾਈ ਤੋਂ ਪ੍ਰਭਾਵਿਤ ਲੋਕਾਂ ਵਲੋਂ ਐੱਸ.ਡੀ.ਓ. ਨੂੰ ਮੰਗ ਪੱਤਰ ਵੀ ਦਿੱਤਾ ਗਿਆ ਕਿ ਸਮੱਸਿਆ ਦਾ ਹੱਲ ਤੁਰੰਤ ਕੱਢਿਆ ਜਾਵੇ। ਪਾਵਰਕੌਮ ਅਧਿਕਾਰੀਆਂ ਨੇ ਧਰਨਾ ਦੇ ਰਹੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ।