ਬਿਜਲੀ ਕਾਮਿਆਂ ਵੱਲੋਂ ਮੁੱਖ ਦਫਤਰ ਅੱਗੇ ਮੁਜ਼ਾਹਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਮਈ
ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਬਿਜਲੀ ਕਾਮਿਆਂ ਦੀਆਂ ਭਖਦੀਆਂ ਸਮੱਸਿਆਵਾ ਦਾ ਹੱਲ ਕਰਵਾਉਣ ਲਈ ਹੈੱਡ ਆਫਿਸ ਪਟਿਆਲਾ ਦੇ ਸਾਹਮਣੇ ਹਰਪ੍ਰੀਤ ਸਿੰਘ ਸੂਬਾ ਕੋਕਨਵੀਨਰ ਦੀ ਪ੍ਰਧਾਨਗੀ ਹੇਠ ਪ੍ਰਦਰਸ਼ਨ ਕੀਤਾ ਗਿਆ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਲਬੀਰ ਸਿੰਘ ਜੌਹਲ, ਹਰਪ੍ਰੀਤ ਸਿੰਘ, ਸੰਜੀਵ ਕੁਮਾਰ, ਸੰਜੀਵ ਸੈਣੀ, ਦੀਪਕ ਕੁਮਾਰ, ਸੁਰਿੰਦਰ ਧਰਾਂਗਵਾਲਾ, ਸ਼ਿੰਗਾਰ ਚੰਦ, ਸਿੰਦਰ ਸਿੰਘ ਤੇ ਲਖਵੀਰ ਸਿੰਘ ਆਦਿ ਬਿਜਲੀ ਮੁਲਾਜਮਾਂ ਨੇ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਅਨੁਸਾਰ ਸੋਧੀ ਹੋਈ ਤਨਖਾਹ, ਪੈਨਸ਼ਨ, ਫੈਮਿਲੀ ਪੈਨਸ਼ਨ, ਲੀਵ ਇਨਕੈਸ਼ਮੈਂਟ ਦਾ ਏਰੀਅਰ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਸੀਆਰਏ ਅਤੇ ਲਾਈਨਮੈਨ/ਐੱਸਐੱਸਏ ਨੂੰ ਕਨਟਰੈਕਟ ਪੀਰੀਅਡ ਦਾ ਲਾਭ ਪੈਨਸ਼ਨਰੀ ਲਾਭਾਂ, ਸੀਨੀਆਰਤਾ ਅਤੇ ਤਰੱਕੀ ਵਿੱਚ ਦਿੱਤਾ ਜਾਵੇ। ਸੀਆਰਏ 295/19 ਦੇ ਰਹਿੰਦੇ 25 ਸਾਥੀਆਂ ਨੂੰ ਬਹਾਲ ਕਰਕੇ ਰੈਗੂਲਰ ਕਰਨ, ਜੁਲਾਈ 2020 ਤੋਂ ਨਿਯੁਕਤ ਕਰਮਚਾਰੀਆਂ ਉਪਰ ਕੇਂਦਰ ਸਰਕਾਰ ਦੇ ਤਨਖਾਹ ਸਕੇਲ ਦੀ ਥਾਂ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, ਜੁਲਾਈ 2021 ਤੋਂ ਪਹਿਲਾਂ ਭਰਤੀ ਹੋਏ ਕਰਮਚਾਰੀਆਂ ਜਿਨ੍ਹਾਂ ਦੀ ਨਿਯੁਕਤੀ / ਤਰੱਕੀ ਸੋਧੇ ਸਕੇਲ ਲਾਗੂ ਹੋਣ ਤੋਂ ਬਾਅਦ ਹੋਈ ਹੈ ਨੂੰ ਵਿੱਤ ਸਰਕੂਲਰ ਨੰਬਰ 24/21 ਅਨੁਸਾਰ ਸੋਧੀ ਤਨਖਾਹ ਸਮੇਤ 15# ਦਾ ਵਾਧਾ ਦੇ ਕੇ ਮੁੱਢਲੀ ਤਨਖਾਹ 35400 ਕਰਨ ਸਮੇਤ ਹੋਰ ਮਹਤਵਪੂਰਨ ਮੁੱਦਿਆਂ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਜਥੇਬੰਦੀ ਵੱਲੋਂ ਦਿੱਤੇ ਮੰਗ ਪੱਤਰ ਅਨੁਸਾਰ ਸਮੱਸਿਆ ਦਾ ਨਿਬੇੜਾ ਕੀਤਾ ਜਾਵੇ ਅਤੇ ਅਦਾਰੇ ਅੰਦਰ ਨਿੱਜੀਕਰਨ ਦੀ ਨੀਤੀ ਤੁਰੰਤ ਬੰਦ ਕੀਤੀ ਜਾਵੇ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਕੁਲਦੀਪ ਸਿੰਘ ਖੰਨਾ, ਅਵਤਾਰ ਸਿੰਘ ਕੈਂਥ, ਜਗਜੀਤ ਸਿੰਘ ਕੰਡਾ, ਜਗਤਾਰ ਸਿੰਘ ਉੱਪਲ ਪ੍ਰੀਤਮ ਸਿੰਘ ਪਿੰਡੀ, ਦਰਸ਼ਨ ਸਿੰਘ ਬੇਲੂਮਾਜਰਾ ਤੇ ਗੁਰਚਰਨ ਸਿੰਘ ਨਾਭਾ ਆਦਿ ਨੇ ਮੰਗ ਕੀਤੀ ਕਿ ਅਦਾਰੇ ਅੰਦਰ ਖਾਲੀ ਪਈਆਂ ਪੋਸਟਾਂ ਨੂੰ ਰੈਗੂਲਰ ਭਰਤੀ ਰਾਹੀਂ ਭਰਿਆ ਜਾਵੇ ਮੀਟਰ ਰੀਡਰ, ਸੀਐੱਚਬੀ ਨੂੰ ਤੁਰੰਤ ਪੱਕਾ ਕੀਤਾ ਜਾਵੇ।