ਬਿਜਲੀ ਕਾਮਿਆਂ ਵੱਲੋਂ ਨਿੱਜੀਕਰਨ ਖ਼ਿਲਾਫ਼ ਧਰਨਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਮਈ
ਪਾਵਰਕੌਮ ਮੈਨੇਜਮੈਂਟ ਵਲੋਂ ਖਰੜ ਅਤੇ ਲਾਲੜੂ ਡਵੀਜ਼ਨਾਂ ਦੇ ਕੀਤੇ ਜਾ ਰਹੇ ਨਿੱਜੀਕਰਨ ਖ਼ਿਲਾਫ਼ ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਦਿੱਤੇ ਸੱਦੇ ’ਤੇ ਬਿਜਲੀ ਕਾਮਿਆਂ ਵਲੋਂ ਪਾਵਰਕੌਮ ਦੇ ਸਰਕਲ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਐਂਪਲਾਈਜ਼ ਫੈੱਡਰੇਸ਼ਨ ਪੀ ਐੱਸ ਈ ਬੀ ਦੇ ਸਰਕਲ ਪ੍ਰਧਾਨ ਬਿਕਰਮਜੀਤ ਸਿੰਘ, ਜਗਦੇਵ ਸਿੰਘ ਸਰਕਲ ਆਗੂ ਟੀਐੱਸਯੂ, ਗੁਲਜ਼ਾਰ ਸਿੰਘ ਡਿਵੀਜ਼ਨ ਪ੍ਰਧਾਨ ਟੀ ਐੱਸ ਯੂ, ਜਗਜੀਤ ਸਿੰਘ ਜੱਗੀ ਡਿਵੀਜ਼ਨ ਪ੍ਰਧਾਨ, ਗੁਰਬਖਸ਼ੀਸ਼ ਸਿੰਘ ਸਰਕਲ ਆਗੂ, ਨਿਰਭੈ ਸਿੰਘ, ਪੁਸ਼ਪਿੰਦਰ ਸੈਣੀ ਅਤੇ ਗੌਰਵ ਜੋਸ਼ੀ ਨੇ ਕਿਹਾ ਕਿ ਕਾਰਪੋਰੇਟ ਸੈਕਟਰ ਦੀ ਨੀਤੀ ਤਹਿਤ ਡਿਵੀਜ਼ਨਾਂ ਖਰੜ ਅਤੇ ਲਾਲੜੂ ਨੂੰ ਪ੍ਰਾਈਵੇਟ ਹੱਥਾਂ ਵਿੱਚ ਠੇਕੇ ’ਤੇ ਦਿੱਤਾ ਜਾ ਰਿਹਾ ਹੈ ਜਦੋਂ ਕਿ ਬਿਜਲੀ ਬੋਰਡ ਦੇ ਕਰਮਚਾਰੀ ਖਪਤਕਾਰਾਂ ਨੂੰ ਵਧੀਆ ਬਿਜਲੀ ਸਪਲਾਈ ਮੁਹੱਈਆ ਕਰਵਾ ਰਹੇ ਹਨ। ਆਗੂਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਡਿਵੀਜ਼ਨਾਂ ਨੂੰ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੌਂਪਿਆ ਜਾ ਸਕਦਾ ਹੈ। ਇਸ ਮੌਕੇ ਆਗੂਆਂ ਨੇ ਖਰੜ ਅਤੇ ਲਾਲੜੂ ਦੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਨਿੱਜੀਕਰਨ ਖਿਲਾਫ਼ ਕੀਤੇ ਜਾ ਰਹੇ ਅੰਦੋਲਨ ਦਾ ਸਮਰਥਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਨਿੱਜੀਕਰਨ ਕਰਨ ਦਾ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਅਤੇ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮਸਲਿਆਂ ਨੂੰ ਹੱਲ ਕੀਤਾ ਜਾਵੇ।