ਬਾਵਾ ਕਲੋਨੀ ਵਿੱਚ ਪਾਈਪਲਾਈਨਾਂ ਵਿਛਾਉਣੀਆਂ ਸ਼ੁਰੂ
ਦਵਿੰਦਰ ਸਿੰਘ
ਯਮੁਨਾਨਗਰ, 22 ਮਈ
ਨਗਰ ਨਿਗਮ ਵਾਰਡ ਨੰਬਰ-16 ਦੀ ਬਾਵਾ ਕਲੋਨੀ ਵਿੱਚ ਪਾਣੀ ਦੀ ਨਿਕਾਸੀ ਦੀ ਕੋਈ ਸਮੱਸਿਆ ਨਹੀਂ ਰਹੇਗੀ। ਨਗਰ ਨਿਗਮ 38.40 ਲੱਖ ਰੁਪਏ ਦੀ ਲਾਗਤ ਨਾਲ ਇੱਥੋਂ ਦੀਆਂ ਗਲੀਆਂ ਵਿੱਚ ਅੰਡਰਗਰਾਊਂਡ ਪਾਈਪ ਲਾਈਨ ਵਿਛਾਏਗਾ। ਵਿਧਾਇਕ ਘਣਸ਼ਿਆਮ ਦਾਸ ਅਰੋੜਾ ਅਤੇ ਮੇਅਰ ਸੁਮਨ ਬਾਹਮਣੀ ਨੇ ਅੱਜ ਕੌਂਸਲਰ ਸੰਦੀਪ ਧੀਮਾਨ ਦੀ ਮੌਜੂਦਗੀ ਵਿੱਚ ਇਸ ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਿਆ ਅਤੇ ਗਲੀਆਂ ਵਿੱਚ ਪਾਈਪਲਾਈਨਾਂ ਵਿਛਾਉਣ ਦੇ ਕੰਮ ਦਾ ਉਦਘਾਟਨ ਕੀਤਾ।
ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਬਾਵਾ ਕਲੋਨੀ ਦੀਆਂ ਗਲੀਆਂ ਵਿੱਚ 200 ਮਿਲੀਮੀਟਰ ਅਤੇ 300 ਮਿਲੀਮੀਟਰ ਵਿਆਸ ਵਾਲੀ ਐੱਨਪੀ ਪਾਈਪ ਲਾਈਨ ਵਿਛਾਈ ਜਾਵੇਗੀ। ਇਸ ਪ੍ਰਾਜੈਕਟ ਨਾਲ ਨਾ ਸਿਰਫ਼ ਡਰੇਨੇਜ ਸਿਸਟਮ ਵਿੱਚ ਸੁਧਾਰ ਹੋਵੇਗਾ, ਸਗੋਂ ਇੱਥੋਂ ਦੀਆਂ ਸੜਕਾਂ ਵੀ ਲੰਬੇ ਸਮੇਂ ਤੱਕ ਸੁਰੱਖਿਅਤ ਅਤੇ ਟਿਕਾਊ ਰਹਿਣਗੀਆਂ। ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਸਾਡੀ ਟ੍ਰਿਪਲ ਇੰਜਣ ਸਰਕਾਰ ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਸ਼ਹਿਰ ਅਤੇ ਪਿੰਡ ਦਾ ਵਿਕਾਸ ਕਰ ਰਹੀ ਹੈ।
ਦੇਸ਼ ਅਤੇ ਰਾਜ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਪਾਣੀ ਦੀ ਨਿਕਾਸੀ ਲਈ ਭੂਮੀਗਤ ਨਾਲੀਆਂ ਅਤੇ ਪੰਪਿੰਗ ਸਟੇਸ਼ਨ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਨਿਗਮ ਖੇਤਰ ਦੇ ਹਰ ਵਾਰਡ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਹਨ। ਕਈ ਵਾਰਡਾਂ ਵਿੱਚ ਨਵੇਂ ਵਿਕਾਸ ਕਾਰਜ ਕਰਵਾਉਣ ਲਈ ਟੈਂਡਰ ਤਿਆਰ ਕੀਤੇ ਜਾ ਰਹੇ ਹਨ, ਜਦੋਂ ਕਿ ਕਈ ਵਾਰਡਾਂ ਵਿੱਚ ਗਲੀਆਂ, ਨਾਲੀਆਂ ਅਤੇ ਹੋਰ ਵਿਕਾਸ ਕਾਰਜ ਨਿਰਮਾਣ ਅਧੀਨ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਨਿਗਮ ਹਮੀਦਾ ਹੈੱਡ ਦੇ ਰਿਵਰ ਫਰੰਟ ਨੇੜੇ ਨੌਂ ਏਕੜ ਜ਼ਮੀਨ ’ਤੇ ਪਾਰਕ ਬਣਾਏਗਾ, ਸ਼ਹਿਰ ਦੇ ਪਾਰਕਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸੁਰਿੰਦਰ ਸ਼ਰਮਾ, ਦਿਨੇਸ਼ ਉਪਾਧਿਆਏ, ਡਾ. ਵਰਿੰਦਰ ਸਿੰਘ ਚੌਕਾਰ, ਸੁਰਿੰਦਰ ਕੁਮਾਰ, ਵਿਜੇ ਕੁਮਾਰ, ਰਾਮ ਕੁਮਾਰ ਕੰਬੋਜ, ਦਿਨੇਸ਼ ਰਾਣਾ, ਅਨਿਰੁਧ ਆਦਿ ਹਾਜ਼ਰ ਸਨ।