ਬਾਲ ਸਿਰਜਣਾਤਮਕ ਕੈਂਪ ’ਚ ਜਾਦੂ ਪਿਛਲਾ ਵਿਗਿਆਨ ਸਮਝਾਇਆ
ਖੇਤਰੀ ਪ੍ਰਤੀਨਿਧ
ਲੁਧਿਆਣਾ , 12 ਜੂਨ
ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਵੱਲੋਂ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ, ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿੱਚ ਲਾਏ ਗਏ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟ੍ਰੱਸਟ ਦੇ ਬਾਨੀ ਪ੍ਰਧਾਨ ਮਰਹੂਮ ਲੈਫ ਕਰਨਲ ਜਗਦੀਸ਼ ਸਿੰਘ ਬਰਾੜ ਨੂੰ ਸਮਰਪਿਤ ਬਾਲ ਸਿਰਜਣਾਤਮਕ ਕੈਂਪ ਵਿੱਚ ਅੱਜ ਚੌਥੇ ਦਿਨ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਅਤੇ ਜਨਰਲ ਸਕੱਤਰ ਰਾਕੇਸ਼ ਆਜ਼ਾਦ ਨੇ ਦੱਸਿਆ ਕਿ ਅੱਜ ਦੇ ਦਿਨ ਦੀ ਸ਼ੁਰੂਆਤ ਵਿੱਚ ਤਰਕਸ਼ੀਲ ਆਗੂ ਰਜਿੰਦਰ ਜੰਡਿਆਲੀ ਨੇ ਬੱਚਿਆਂ ਨੂੰ ਹਨੇਰੇ, ਭੂਤਾਂ-ਪ੍ਰੇਤਾਂ ਤੋਂ ਨਾ ਡਰਨ ਅਤੇ ਜਾਦੂ ਮੰਤਰ ਪਿੱਛੇ ਕੰਮ ਕਰ ਰਹੇ ਵਿਗਿਆਨ ਬਾਰੇ ਸਮਝਾਉਂਦਿਆਂ ਸਹੀ ਕਾਰਣਾ ਨੂੰ ਸਮਝਣ ਬਾਰੇ ਪ੍ਰੇਰਿਆ।
ਇਸ ਮੌਕੇ ਅਧਿਆਪਕ ਗੁਰਇਕਬਾਲ ਸਿੰਘ ਨੇ ਬੱਚਿਆਂ ਨੂੰ ਮਿੱਟੀ ਦੇ ਖਿਡੌਣੇ ਬਣਾਉਣ ਦੀ ਸਿਖਲਾਈ ਦਿੱਤੀ ਅਤੇ ਰਾਹੁਲ ਨੇ ਬੱਚਿਆਂ ਨੂੰ ਚਿੱਤਰਕਾਰੀ ਦੇ ਗੁਣ ਦੱਸੇ। ਸੇਵਾ ਮੁਕਤ ਅਧਿਆਪਕ ਰਾਜ ਕੁਮਾਰ ਨੇ ਸੰਗੀਤ ਦੀ ਸਿੱਖਿਆ ਦਿੱਤੀ ਅਤੇ ਮੈਡਮ ਜਸਲੀਨ ਨੇ ਸੋਹਣੀ ਲਿਖਾਈ ਲਈ ਅੱਖਰਾਂ ਦੀ ਬਨਾਵਟ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ। ਸ਼ਮਸ਼ੇਰ ਨੂਰਪੁਰੀ ਅਤੇ ਜਗਜੀਤ ਸਿੰਘ ਨੇ ਬੱਚਿਆਂ ਨੂੰ ਨਾਟਕ ਦੀ ਰਿਹਰਸਲ ਕਰਵਾਈ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਆਗੂ ਕਸਤੂਰੀ ਲਾਲ ਨੇ ਵੀ ਬੱਚਿਆਂ ਨੂੰ ਉਨ੍ਹਾਂ ਦੀ ਕਲਾ ਦੇ ਨਿਖਾਰ ਸਬੰਧੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਮੀਨੂੰ ਸ਼ਰਮਾਂ, ਕੁਲਵਿੰਦਰ ਸਿੰਘ, ਮਹੇਸ਼ ਕੁਮਾਰ, ਗੁਰਨੀਤ, ਨੀਲ, ਮਾਨ ਸਿੰਘ, ਸੰਦੀਪ ਕੌਰ ਨੇ ਵਾਲੰਟੀਅਰ ਡਿਊਟੀਆਂ ਨਿਭਾਈਆਂ ।