ਬਾਲਕੋਨੀ ਦਾ ਹਿੱਸਾ ਡਿੱਗਣ ਕਾਰਨ ਮਜ਼ਦੂਰ ਜ਼ਖ਼ਮੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਮਈ
ਪੱਛਮੀ ਦਿੱਲੀ ਦੇ ਉੱਤਮ ਨਗਰ ਥਾਣਾ ਖੇਤਰ ਵਿੱਚ ਖੰਡਰ ਨੁਮਾ ਘਰ ਨੂੰ ਢਾਹੁੰਦੇ ਸਮੇਂ, ਮਜ਼ਦੂਰ ਉੱਤੇ ਬਾਲਕੋਨੀ ਦਾ ਹਿੱਸਾ ਡਿੱਗ ਪਿਆ। ਇਸ ਕਾਰਨ ਮਜ਼ਦੂਰ ਜ਼ਖਮੀ ਹੋ ਗਿਆ। ਉਸ ਨੂੰ ਪਹਿਲਾਂ ਨੇੜਲੇ ਹਸਪਤਾਲ ਮਗਰੋਂ ਸਫਦਰਜੰਗ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖਮੀ ਮਜ਼ਦੂਰ ਨੇ ਠੇਕੇਦਾਰ ਅਤੇ ਮਕਾਨ ਮਾਲਕ ’ਤੇ ਸੁਰੱਖਿਆ ਯਤਨਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ ਹੈ। ਪੁਲੀਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਖਮੀ ਮਜ਼ਦੂਰ ਧਰਮ ਰਾਜ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਪਿੰਟੂ ਅਤੇ ਛੋਟੂ ਨਾਲ ਓਮ ਵਿਹਾਰ ਫੇਜ਼-5, ਉੱਤਮ ਨਗਰ ਵਿੱਚ 40 ਫੁੱਟ ਰੋਡ ‘ਤੇ ਦੀਪਕ ਪ੍ਰਾਪਰਟੀ ਦੇ ਦਫ਼ਤਰ ਪਹੁੰਚਿਆ। ਉੱਥੇ ਉਸ ਦੀ ਮੁਲਾਕਾਤ ਠੇਕੇਦਾਰ ਵਿਮਲ ਚੌਧਰੀ ਅਤੇ ਮਕਾਨ ਮਾਲਕ ਦੀਪਕ ਭਾਟੀਆ ਨਾਲ ਹੋਈ। ਧਰਮ ਰਾਜ ਨੂੰ ਓਮ ਵਿਹਾਰ ਦੇ ਈ-12 ਵਿੱਚ 25 ਗਜ਼ ਦੇ ਟੁੱਟੇ-ਭੱਜੇ ਦੋ ਮੰਜ਼ਿਲਾ ਘਰ ਨੂੰ ਢਾਹੁਣ ਦਾ ਕੰਮ ਸੌਂਪਿਆ। ਧਰਮ ਰਾਜ ਨੇ ਠੇਕੇਦਾਰ ਅਤੇ ਮਾਲਕ ਨੂੰ ਪੈਡ ਬਣਾਉਣ ਲਈ ਕਿਹਾ। ਉਸ ਦੀਆਂ ਗੱਲਾਂ ਨੂੰ ਅਣਗੌਲਿਆ ਕੀਤਾ ਗਿਆ ਅਤੇ ਉਸ ’ਤੇ ਘਰ ਨੂੰ ਜਲਦੀ ਢਾਹੁਣ ਲਈ ਦਬਾਅ ਪਾਇਆ ਗਿਆ। ਕੰਮ ਸ਼ੁਰੂ ਕਰਦੇ ਸਮੇਂ ਦੁਪਹਿਰ ਕਰੀਬ 2.30 ਵਜੇ ਘਰ ਦੀ ਬਾਲਕੋਨੀ ਧਰਮ ਰਾਜ ’ਤੇ ਡਿੱਗ ਪਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।
ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਵਿੱਚ ਏਸੀ ਦੀ ਮੁਰੰਮਤ ਕਰਦੇ ਸਮੇਂ ਧਮਾਕਾ

ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਥੇ ਅੱਜ ਸਵੇਰੇ 11.45 ਵਜੇ ਬਾਹਰੀ ਦਿੱਲੀ ਦੇ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਜ਼ੋਰਦਾਰ ਧਮਾਕਾ ਹੋਇਆ। ਇਹ ਧਮਾਕਾ ਪ੍ਰਸ਼ਾਂਤ ਵਿਹਾਰ ਬੀ-ਬਲਾਕ ਮਾਰਕੀਟ ਵਿੱਚ ਮੁਰੰਮਤ ਦੀ ਦੁਕਾਨ ਵਿੱਚ ਏਸੀ ਦੀ ਮੁਰੰਮਤ ਕਰਦੇ ਸਮੇਂ ਹੋਇਆ। ਇਸ ਘਟਨਾ ਵਿੱਚ ਮਕੈਨਿਕ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਏਸੀ ਵਿੱਚ ਗੈਸ ਭਰਦੇ ਸਮੇਂ ਵਾਪਰਿਆ। ਧਮਾਕੇ ਮਗਰੋਂ ਦੁਕਾਨ ਦਾ ਸਾਮਾਨ ਧਮਾਕੇ ਕਾਰਨ ਨੁਕਸਾਨਿਆ ਗਿਆ।