ਬਾਰ੍ਹਵੀਂ ਦੀ ਮੈਰਿਟ: ਰਾਏ ਖਾਨਾ ਦੀ ਯਸ਼ਮੀਤ ਕੌਰ ਦਾ ਮੁੱਖ ਮੰਤਰੀ ਵੱਲੋਂ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 27 ਮਈ
ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਜ਼ਿਲ੍ਹਾ ਬਠਿੰਡਾ ਵਿੱਚੋਂ ਪਹਿਲਾ ਅਤੇ ਸੂਬੇ ਭਰ ’ਚੋਂ ਪੰਜਵਾਂ ਸਥਾਨ ਹਾਸਿਲ ਕਰਨ ਵਾਲੀ ਪਿੰਡ ਰਾਏ ਖਾਨਾ ਦੀ ਧੀ ਯਸ਼ਮੀਤ ਕੌਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿੱਚ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਯਸ਼ਮੀਤ ਕੌਰ ਨੇ ਆਪਣੀ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਸਕੂਲ ਆਫ਼ ਐਮੀਨੈਂਸ ਰਾਮਨਗਰ ਤੋਂ ਕੀਤੀ ਅਤੇ ਉਸ ਨੇ ਸਾਲਾਨਾ ਪ੍ਰੀਖ਼ਿਆ ਦੌਰਾਨ 500 ’ਚੋਂ 495 ਅੰਕ ਹਾਸਲ ਕੀਤੇ। ਯਸ਼ਮੀਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਨੇ ਥੋੜ੍ਹੀ ਪੂੰਜੀ ਹੋਣ ਦੇ ਬਾਵਜੂਦ ਉਸ ਦੀ ਪੜ੍ਹਾਈ ਲਈ ਹਰ ਯਤਨ ਕੀਤਾ। ਉਸ ਨੇ ਕਿਹਾ ਕਿ ਹੁਣ ਉਸ ਦੀ ਆਈਏਐੱਸ ਦੀ ਪੜ੍ਹਾਈ ਕਰਨਾ ਦੀ ਇੱਛਾ ਹੈ ਅਤੇ ਉਹ ਪਰਿਵਾਰ ਦੀਆਂ ਆਸਾਂ ਉਮੀਦਾਂ ’ਤੇ ਖ਼ਰੀ ਉੱਤਰਨ ਲਈ ਯਤਨ ਕਰੇਗੀ।
ਯਸ਼ਮੀਤ ਦਾ ਪਿਤਾ ਸੁਖਜੀਤ ਸਿੰਘ ਸਕੂਲ ਵੈਨਾਂ ਦਾ ਕੰਮ ਕਰਦਾ ਹੈ। ਉਸ ਦੀ ਮਾਤਾ ਸਿਮਰਜੀਤ ਕੌਰ ਨੇ ਆਪਣੀਆਂ ਦੋਵਾਂ ਧੀਆਂ ਨੂੰ ਪੜ੍ਹਾਈ ਲਈ ਬਹੁਤ ਮਿਹਨਤ ਕਰਵਾਈ।
ਪੜ੍ਹਾਈ ਦੇ ਨਾਲ-ਨਾਲ ਯਸ਼ਮੀਤ ਖੇਡਾਂ ਵਿੱਚ ਵੀ ਅੱਗੇ ਰਹੀ ਹੈ। ਉਸ ਨੇ ਬਾਕਸਿੰਗ ਵਿੱਚ ਜ਼ਿਲ੍ਹਾ ਬਠਿੰਡਾ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਅਤੇ ਫੁਟਬਾਲ ਪੰਜਾਬ ਪੱਧਰ ਤੱਕ ਖੇਡੀ ਹੈ। ਯਸ਼ਮੀਤ ਆਪਣੇ ਅਧਿਆਪਕਾਂ ਅਤੇ ਖਾਸ ਕਰਕੇ ਪ੍ਰਿੰਸੀਪਲ ਰਾਜਿੰਦਰ ਸਿੰਘ ਨੂੰ ਆਪਣਾ ਪ੍ਰੇਰਣਾ ਸਰੋਤ ਮੰਨਦੀ ਹੈ। ਪਿੰਡ ਦੀ ਸਰਪੰਚ ਰਾਜਵੀਰ ਕੌਰ ਅਤੇ ਸਾਬਕਾ ਸਰਪੰਚ ਮਲਕੀਤ ਖ਼ਾਨ ਨੇ ਪਿੰਡ ਦਾ ਨਾਂਅ ਰੌਸ਼ਨ ਕਰਨ ਵਾਲੀ ਪਿੰਡ ਦੀ ਧੀ ਯਸਮੀਤ ਕੌਰ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਦੇ ਸਰਪ੍ਰਸਤ ਅਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਯਸ਼ਮੀਤ ਕੌਰ ਦੀ ਯੂਪੀਐਸਸੀ ਦੀ ਪੜ੍ਹਾਈ ਦਾ ਸਾਰਾ ਖ਼ਰਚ ਉਨ੍ਹਾਂ ਦੀ ਸੰਸਥਾ ਕਰੇਗੀ।